ਲਾਕਡਾਊਨ ਕਾਰਣ ਪੋਲਟਰੀ ਉਦਯੋਗ ਨੂੰ ਭਾਰੀ ਨੁਕਸਾਨ

03/31/2020 1:23:07 AM

ਨਵੀਂ ਦਿੱਲੀ (ਯੂ. ਐੱਨ. ਆਈ.)-ਦੇਸ਼ ’ਚ ਕੋਰੋਨਾ ਵਾਇਰਸ (ਕੋਵਿਡ-19) ਦੇ ਵਧਦੇ ਕਹਿਰ ਨੂੰ ਕੰਟਰੋਲ ਕਰਨ ਲਈ ਲਾਗੂ ਕੀਤੇ ਗਏ ਲਾਕਡਾਊਨ ਕਾਰਣ ਚੂਜ਼ਿਆਂ ਦੇ ਉਤਪਾਦਨ ਦੇ ਲਗਭਗ ਬੰਦ ਹੋਣ ਨਾਲ ਪੋਲਟਰੀ ਉਦਯੋਗ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ।ਇਸ ਕੌਮਾਂਤਰੀ ਮਹਾਮਾਰੀ ਨਾਲ ਨਿੱਬੜਨ ਲਈ ਆਵਾਜਾਈ ਦੇ ਸਾਧਨਾਂ ’ਤੇ ਲਾਈ ਗਈ ਰੋਕ ਕਾਰਣ ਸਾਰੀਆਂ ਥਾਵਾਂ ’ਤੇ ਹੈਚਿੰਗ ਦਾ ਕੰਮ ਰੋਕ ਦਿੱਤਾ ਗਿਆ ਹੈ ਅਤੇ ਆਂਡਿਆਂ ਦੇ ਭੰਡਾਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇੰਨਾ ਹੀ ਨਹੀਂ ਸਰਕਾਰੀ ਸੰਸਥਾਨਾਂ ’ਚ ਕਿਸਾਨਾਂ ਦੀ ਟ੍ਰੇਨਿੰਗ ਪ੍ਰੋਗਰਾਮਾਂ ਨੂੰ ਵੀ ਰੋਕ ਦਿੱਤਾ ਗਿਆ ਹੈ।

ਕੋਰੋਨਾ ਦੇ ਮੱਦੇਨਜ਼ਰ ਆਵਾਜਾਈ ਦੇ ਸਾਧਨਾਂ ’ਤੇ ਰੋਕ ਲਾਏ ਜਾਣ ਨਾਲ ਨਾ ਸਿਰਫ ਲੋਕਾਂ ਦਾ ਆਉਣਾ-ਜਾਣਾ ਰੁਕਿਆ ਹੋਇਆ ਹੈ ਸਗੋਂ ਮੁਰਗੀ ਦਾਣਾ, ਦਵਾਈ, ਵਿਟਾਮਿਨਸ, ਖਣਿਜ ਅਤੇ ਵਿਕਰੀ ਲਈ ਤਿਆਰ ਮੁਰਗਿਆਂ ਦੀ ਟਰਾਂਸਪੋਰਟ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।ਬਿਹਾਰ ਪਸ਼ੂ ਵਿਗਿਆਨ ਯੂਨੀਵਰਸਿਟੀ ਦੇ ਕੁਲਪਤੀ ਡਾ. ਰਾਮੇਸ਼ਵਰ ਸਿੰਘ ਨੇ ਪੋਲਟਰੀ ਉਦਯੋਗ ਦੇ ਸੰਕਟ ਬਾਰੇ ਪੁੱਛੇ ਜਾਣ ’ਤੇ ਦੱਸਿਆ ਕਿ ਮਾੜੇ ਹਾਲਾਤ ਕਾਰਣ ਅਜਿਹੀ ਸਥਿਤੀ ਪੈਦਾ ਹੋਈ ਹੈ, ਜਿਸ ਦਾ ਲੰਮੇ ਦੌਰ ’ਚ ਕਿਸਾਨਾਂ ਦੀ ਅਾਰਥਿਕ ਹਾਲਤ ’ਤੇ ਵਿਆਪਕ ਅਸਰ ਹੋਵੇਗਾ।

ਡਾਕਟਰ ਸਿੰਘ ਨੇ ਦੱਸਿਆ ਕਿ ਚੂਜ਼ਾ ਉਤਪਾਦਨ ਬੰਦ ਹੋਣ ਨਾਲ ਕਾਰੋਬਾਰੀ ਪੈਮਾਨੇ ’ਤੇ ਪੋਲਟਰੀ ਉਦਯੋਗ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ ਅਤੇ ਅੰਤ ਵੇਲੇ ਇਸ ਦਾ ਅਸਰ ਕਿਸਾਨਾਂ ਦੀ ਮਾਲੀ ਹਾਲਤ ’ਤੇ ਹੋਵੇਗਾ। ਦੇਸ਼ ’ਚ ਕਰੀਬ 10 ਲੱਖ ਕਿਸਾਨ ਪੋਲਟਰੀ ਕਾਰੋਬਾਰ ਨਾਲ ਜੁਡ਼ੇ ਹੋਏ ਹਨ, ਜਿਨ੍ਹਾਂ ’ਚੋਂ 60 ਫੀਸਦੀ ਕਿਸਾਨ 10,000 ਤੋਂ ਘੱਟ ਪੰਛੀਆਂ ਨੂੰ ਪਾਲਦੇ ਹਨ। ਦੇਸ਼ ਦੇ ਕੁਲ ਘਰੇਲੂ ਉਤਪਾਦ ’ਚ ਪੋਲਟਰੀ ਉਦਯੋਗ ਦਾ ਯੋਗਦਾਨ 1.2 ਲੱਖ ਕਰੋਡ਼ ਰੁਪਏ ਸਾਲਾਨਾ ਹੈ। ਦੇਸ਼ ਭਰ ’ਚ ਪੂਰੇ ਪੋਲਟਰੀ ਕਾਰੋਬਾਰ ਚੇਨ ਨਾਲ ਕਰੀਬ 10 ਕਰੋਡ਼ ਲੋਕ ਜੁਡ਼ੇ ਹੋਏ ਹਨ।

Karan Kumar

This news is Content Editor Karan Kumar