PAN ਆਧਾਰ ਨੂੰ ਲਿੰਕ ਨਾ ਕਰਨ ਵਾਲੇ ਹੋ ਜਾਣ ਅਲਰਟ, ਡਿੱਗੇਗੀ ਇਹ ਗਾਜ਼!

06/24/2021 11:36:59 AM

ਨਵੀਂ ਦਿੱਲੀ-  ਹੁਣ ਤੱਕ ਆਪਣੇ ਪੈਨ ਨੂੰ ਆਧਾਰ ਨਾਲ ਲਿੰਕ ਨਹੀਂ ਕੀਤਾ ਹੈ ਤਾਂ 30 ਜੂਨ ਤੱਕ ਕਰ ਲਓ ਕਿਉਂਕਿ ਅਜਿਹਾ ਨਾ ਕਰਨ 'ਤੇ ਤੁਹਾਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੈਨ ਕਾਰਡ ਇਨਵੈਲਿਡ ਹੋ ਜਾਵੇਗਾ, ਅਜਿਹੇ ਵਿਚ ਤੁਸੀਂ ਨਾ ਤਾਂ ਮਿਊਚੁਅਲ ਫੰਡ ਵਿਚ ਨਵਾਂ ਨਿਵੇਸ਼ ਕਰ ਸਕੋਗੇ ਅਤੇ ਨਾ ਹੀ ਆਪਣਾ ਪੈਸਾ ਕਢਾ ਸਕੋਗੇ। ਇਸ ਲਈ ਹਰ ਹਾਲ ਵਿਚ ਪੈਨ ਨੂੰ ਆਧਾਰ ਲਿੰਕ ਕਰਨਾ ਹੋਵੇਗਾ, ਜਦੋਂ ਤੱਕ ਲਿੰਕਿੰਗ ਨਹੀਂ ਕਰੋਗੇ ਵਿੱਤੀ ਲੈਣ-ਦੇਣ ਵਿਚ ਮੁਸ਼ਕਲ ਹੋਵੇਗੀ, ਜਿੱਥੇ ਪੈਨ ਲਾਜ਼ਮੀ ਹੈ।

ਮਿਊਚੁਅਲ ਫੰਡ ਵਿਚ ਨਿਵੇਸ਼ ਸ਼ੁਰੂ ਕਰਨ ਅਤੇ ਜਾਰੀ ਰੱਖਣ ਲਈ ਪੈਨ ਦਾ ਵੈਲਿਡ ਹੋਣਾ ਜ਼ਰੂਰੀ ਹੈ। ਇਸ ਲਈ ਪੈਨ ਇਨਵੈਲਿਡ ਹੋਣ ਨਾਲ ਸਿਪ ਵੀ ਰੁਕ ਸਕਦੀ ਹੈ ਅਤੇ ਫੰਡ ਵੀ ਨਹੀਂ ਕਢਾ ਸਕਦੇ। ਇਸ ਤੋਂ ਇਲਾਵਾ ਬੈਂਕ ਖਾਤਾ ਖੋਲ੍ਹਣ ਲਈ ਜਾਂ 50,000 ਰੁਪਏ ਤੋਂ ਵੱਧ ਨਕਦੀ ਜਮ੍ਹਾ ਕਰਾਉਣ ਜਾਂ ਕਢਾਉਣ ਲਈ ਵੈਲਿਡ ਪੈਨ ਦਾ ਹੋਣਾ ਜ਼ਰੂਰੀ ਹੈ। ਇਨਵੈਲਿਡ ਜਾਂ ਗਲਤ ਪੈਨ ਕਾਰਡ ਦੇਣ 'ਤੇ 10,000 ਰੁਪਏ ਜੁਰਮਾਨਾ ਹੋ ਸਕਦਾ ਹੈ। ਪੈਨ ਇਨਵੈਲਿਡ ਹੋਣ ਦੀ ਸੂਰਤ ਵਿਚ ਟੀ. ਡੀ. ਐੱਸ. ਵੀ ਜ਼ਿਆਦਾ ਕੱਟ ਸਕਦਾ ਹੈ।

ਇਹ ਵੀ ਪੜ੍ਹੋ- ਵੱਡਾ ਝਟਕਾ! ਪੰਜਾਬ 'ਚ ਪੈਟਰੋਲ ਦੀ ਕੀਮਤ ਲਗਭਗ 100 ਰੁ: ਲਿਟਰ ਹੋਈ

ਲਿੰਕ ਨਾ ਕਰਨ 'ਤੇ 1,000 ਰੁ: ਜੁਰਮਾਨਾ
ਇਨਕਮ ਟੈਕਸ ਵਿਭਾਗ ਅਨੁਸਾਰ, ਜੇਕਰ ਕੋਈ ਪੈਨ ਕਾਰਡਧਾਰਕ ਨਿਰਧਾਰਤ ਅੰਤਿਮ ਤਾਰੀਖ਼ ਤੱਕ ਪੈਨ ਨੂੰ ਆਧਾਰ ਨਾਲ ਲਿੰਕ ਨਹੀਂ ਕਰਦਾ ਹੈ ਤਾਂ ਉਸ ਦਾ ਪੈਨ ਇਨਵੈਲਿਡ ਹੋ ਜਾਵੇਗਾ। ਪੈਨ ਨੂੰ ਆਧਾਰ ਨਾਲ ਜੋੜਨ ਦੀ ਤਾਰੀਖ਼ 30 ਜੂਨ ਤੱਕ ਹੈ। ਇਸ ਪਿੱਛੋਂ ਪੈਨ-ਆਧਾਰ ਲਿੰਕਿੰਗ ਲਈ 1,000 ਰੁਪਏ ਤੱਕ ਦਾ ਜੁਰਮਾਨਾ ਭਰਨਾ ਪਵੇਗਾ। ਸਰਕਾਰ ਨੇ ਇਸ ਜੁਰਮਾਨੇ ਦੀ ਵਿਵਸਥਾ ਲਈ ਇਨਕਮ ਟੈਕਸ ਐਕਟ 1961 ਵਿਚ ਨਵੀਂ ਧਾਰਾ 234 ਐੱਚ ਜੋੜੀ ਹੈ। ਸਰਕਾਰ ਨੇ ਇਹ ਫਾਈਨੈਂਸ ਬਿੱਲ-2021 ਲੋਕ ਸਭਾ ਵਿਚ 23 ਮਾਰਚ ਨੂੰ ਪਾਸ ਕਰਦੇ ਸਮੇਂ ਕੀਤਾ ਸੀ। ਇਹ ਦੱਸ ਦੇਈਏ ਕਿ ਜਿਸ ਦਿਨ ਤੁਸੀਂ ਪੈਨ ਨੂੰ ਆਧਾਰ ਨਾਲ ਲਿੰਕ ਕਰ ਲਵੋਗੇ ਉਸ ਤਾਰੀਖ਼ ਤੋਂ ਇਹ ਦੁਬਾਰਾ ਚਾਲੂ ਹੋ ਜਾਵੇਗਾ।

ਇਹ ਵੀ ਪੜ੍ਹੋ- ਭਲਕੇ ਸ਼ੁਰੂ ਹੋਵੇਗੀ ਸ਼ਿਓਮੀ ਦੇ ਸਭ ਤੋਂ ਪਤਲੇ Mi 11 ਲਾਈਟ ਦੀ ਪ੍ਰੀ-ਬੁਕਿੰਗ

Sanjeev

This news is Content Editor Sanjeev