ਓਡੀਸ਼ਾ ਰੇਲ ਹਾਦਸੇ ਦੇ ਪੀੜਤਾਂ ਨੂੰ LIC ਦੇਵੇਗੀ ਰਾਹਤ, ਜਲਦ ਮਿਲੇਗੀ ਬੀਮਾ ਰਾਸ਼ੀ

06/04/2023 6:18:42 PM

ਨਵੀਂ ਦਿੱਲੀ : ਓਡੀਸ਼ਾ ਵਿੱਚ ਹੋਏ ਭਿਆਨਕ ਰੇਲ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਲੋਕਾਂ ਦੇ ਪਰਿਵਾਰਾਂ ਲਈ ਐਲਆਈਸੀ ਨੇ ਕਈ ਤਰ੍ਹਾਂ ਦੀ ਰਾਹਤ ਦੇਣ ਦਾ ਐਲਾਨ ਕੀਤਾ ਹੈ। ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਦਾ ਕਹਿਣਾ ਹੈ ਕਿ ਦਾਅਵਿਆਂ ਦਾ ਨਿਪਟਾਰਾ ਜਲਦੀ ਕੀਤਾ ਜਾਵੇਗਾ ਤਾਂ ਜੋ ਪੀੜਤ ਪਰਿਵਾਰਾਂ ਨੂੰ ਜਲਦੀ ਤੋਂ ਜਲਦੀ ਆਰਥਿਕ ਰਾਹਤ ਮਿਲ ਸਕੇ। ਉਹ ਰਜਿਸਟਰਡ ਮੌਤ ਸਰਟੀਫਿਕੇਟ ਦੀ ਬਜਾਏ ਰੇਲਵੇ, ਪੁਲਿਸ ਜਾਂ ਕਿਸੇ ਰਾਜ ਜਾਂ ਕੇਂਦਰੀ ਏਜੰਸੀ ਦੁਆਰਾ ਪ੍ਰਕਾਸ਼ਿਤ ਮ੍ਰਿਤਕਾਂ ਦੀ ਸੂਚੀ ਦਿਖਾ ਕੇ ਬੀਮੇ ਦੀ ਰਕਮ ਦਾ ਦਾਅਵਾ ਕਰ ਸਕਦੇ ਹਨ।

ਇਹ ਵੀ ਪੜ੍ਹੋ : ਕੇਂਦਰ ਦਾ ਪੰਜਾਬ ਸਰਕਾਰ ਨੂੰ ਝਟਕਾ, ਕਰਜ਼ਾ ਲੈਣ ਦੀ ਹੱਦ ’ਚ ਕੀਤੀ ਕਟੌਤੀ

ਇਸ ਨੂੰ ਮੌਤ ਦਾ ਸਬੂਤ ਮੰਨਿਆ ਜਾਵੇਗਾ। ਇਸ ਦੇ ਨਾਲ ਹੀ, ਬੀਮਾ ਦਾਅਵਿਆਂ ਨਾਲ ਸਬੰਧਤ ਸਵਾਲਾਂ ਲਈ ਡਵੀਜ਼ਨਲ ਅਤੇ ਸ਼ਾਖਾ ਪੱਧਰਾਂ 'ਤੇ ਵਿਸ਼ੇਸ਼ ਹੈਲਪ ਡੈਸਕ ਸਥਾਪਤ ਕੀਤੇ ਗਏ ਹਨ। ਇਹ ਡੈਸਕ ਦਾਅਵੇਦਾਰਾਂ ਨੂੰ ਮਦਦ ਵੀ ਪ੍ਰਦਾਨ ਕਰਨਗੇ।

ਐਲਆਈਸੀ ਦੇ ਚੇਅਰਮੈਨ ਸਿਧਾਰਥ ਮੋਹੰਤੀ ਨੇ ਅੱਜ ਇੱਕ ਬਿਆਨ ਵਿੱਚ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਮੁਸੀਬਤ ਦੀ ਇਸ ਘੜੀ ਵਿੱਚ ਐਲਆਈਸੀ ਦੀਆਂ ਨੀਤੀਆਂ ਅਤੇ ਪ੍ਰਧਾਨ ਮੰਤਰੀ ਜੀਵਨ ਜਯੋਤੀ ਯੋਜਨਾ ਦੇ ਦਾਅਵੇਦਾਰਾਂ ਲਈ ਇਹ ਰਾਹਤ ਦਿੱਤੀ ਗਈ ਹੈ। ਪੀੜਤ ਪਰਿਵਾਰਾਂ ਦੇ ਦਾਅਵਿਆਂ ਦਾ ਜਲਦੀ ਨਿਪਟਾਰਾ ਕਰਨ ਦੇ ਵੀ ਯਤਨ ਕੀਤੇ ਜਾ ਰਹੇ ਹਨ। ਦਾਅਵੇਦਾਰ ਨਜ਼ਦੀਕੀ ਬ੍ਰਾਂਚ, ਡਿਵੀਜ਼ਨ ਜਾਂ ਗਾਹਕ ਜ਼ੋਨ ਤੱਕ ਪਹੁੰਚ ਕਰ ਸਕਦੇ ਹਨ। ਇਸ ਦੇ ਨਾਲ ਹੀ, ਉਹ ਮਦਦ ਲਈ ਕੰਪਨੀ ਦੇ ਕਾਲ ਸੈਂਟਰ ਨਾਲ ਵੀ ਸੰਪਰਕ ਕਰ ਸਕਦੇ ਹਨ, ਜਿਸਦਾ ਨੰਬਰ 02268276827 ਹੈ।

ਇਹ ਵੀ ਪੜ੍ਹੋ : ਪਾਕਿਸਤਾਨ ’ਚ 37.97 ਫੀਸਦੀ ਦੀ ਰਿਕਾਰਡ ਉਚਾਈ ’ਤੇ ਪੁੱਜੀ ਮਹਿੰਗਾਈ

288 ਯਾਤਰੀਆਂ ਦੀ ਮੌਤ 

ਓਡੀਸ਼ਾ 'ਚ ਸ਼ੁੱਕਰਵਾਰ ਸ਼ਾਮ ਨੂੰ ਹੋਏ ਭਿਆਨਕ ਹਾਦਸੇ 'ਚ 288 ਯਾਤਰੀਆਂ ਦੀ ਮੌਤ ਹੋ ਗਈ, ਜਦਕਿ 1100 ਤੋਂ ਜ਼ਿਆਦਾ ਜ਼ਖਮੀ ਹੋ ਗਏ। ਇਸ ਨੂੰ ਦੇਸ਼ ਦਾ ਚੌਥਾ ਵੱਡਾ ਰੇਲ ਹਾਦਸਾ ਮੰਨਿਆ ਜਾ ਰਿਹਾ ਹੈ। ਇਹ ਹਾਦਸਾ ਤਿੰਨ ਟਰੇਨਾਂ ਦੀ ਟੱਕਰ ਕਾਰਨ ਵਾਪਰਿਆ। ਇਸ ਹਾਦਸੇ ਕਾਰਨ ਉਸ ਮਾਰਗ ’ਤੇ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਰੇਲਵੇ ਮੁਤਾਬਕ ਕਈ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਵੱਡੀ ਗਿਣਤੀ 'ਚ ਟਰੇਨਾਂ ਦਾ ਰੂਟ ਮੋੜ ਦਿੱਤਾ ਗਿਆ ਹੈ ਜਦਕਿ ਕੁਝ ਟਰੇਨਾਂ ਨੂੰ ਵੀ ਥੋੜ੍ਹੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਤੇਜ਼ੀ ਨਾਲ ਜਾਰੀ ਹੋ ਰਹੇ ਇਨਕਮ ਟੈਕਸ ‘ਰਿਫੰਡ’, ਟੈਕਸਦਾਤਿਆਂ ਲਈ ‘ਕਾਰੋਬਾਰੀ ਸੌਖ’ ਬਣਾਈ ਜਾ ਰਹੀ ਯਕੀਨੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 

Harinder Kaur

This news is Content Editor Harinder Kaur