LIC ਨੇ ਕ੍ਰੈਡਿਟ ਕਾਰਡ ਨਾਲ ਭੁਗਤਾਨ 'ਤੇ ਖਤਮ ਕੀਤਾ ਚਾਰਜ

12/03/2019 9:50:11 AM

ਮੁੰਬਈ— ਡਿਜੀਟਲ ਭੁਗਤਾਨ ਨੂੰ ਉਤਸ਼ਾਹ ਦੇਣ ਲਈ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਨੇ ਕਾਰਡ ਜ਼ਰੀਏ ਉਸ ਨੂੰ ਕੀਤੇ ਜਾਣ ਵਾਲੇ ਸਾਰੇ ਭੁਗਤਾਨਾਂ 'ਤੇ ਸੁਵਿਧਾ ਚਾਰਜ ਨੂੰ ਸਮਾਪਤ ਕਰ ਦਿੱਤਾ ਹੈ। ਪਾਲਿਸੀ ਧਾਰਕ ਹੁਣ ਕਿਸ਼ਤ ਦਾ ਭੁਗਤਾਨ ਜਾਂ ਪਾਲਿਸੀ 'ਤੇ ਚੁੱਕੇ ਲੋਨ ਦਾ ਭੁਗਤਾਨ ਡਿਜੀਟਲੀ ਕਰ ਸਕਣਗੇ ਤੇ ਉਨ੍ਹਾਂ ਨੂੰ ਕਾਰਡ 'ਤੇ ਕੋਈ ਵਾਧੂ ਸੁਵਿਧਾ ਚਾਰਜ ਨਹੀਂ ਚੁਕਾਉਣਾ ਪਵੇਗਾ।

 

ਇਹ ਛੋਟ ਪਹਿਲੀ ਦਸੰਬਰ ਤੋਂ ਪ੍ਰਭਾਵੀ ਹੋ ਗਈ ਹੈ। ਐੱਲ. ਆਈ. ਸੀ. ਨੇ ਕਿਹਾ ਕਿ ਕ੍ਰੈਡਿਟ ਕਾਰਡ ਜ਼ਰੀਏ ਪ੍ਰੀਮੀਅਮ ਨਵੀਕਰਨ, ਨਵੇਂ ਪ੍ਰੀਮੀਅਮ ਜਾਂ ਕਰਜ਼ ਜਾਂ ਪਾਲਿਸੀ 'ਤੇ ਲਏ ਗਏ ਕਰਜ਼ ਦੇ ਵਿਆਜ ਦੇ ਭੁਗਤਾਨ 'ਤੇ 1 ਦਸੰਬਰ ਤੋਂ ਕੋਈ ਵਾਧੂ ਚਾਰਜ ਜਾਂ ਸੁਵਿਧਾ ਚਾਰਜ ਨਹੀਂ ਲੱਗੇਗਾ। ਕ੍ਰੈਡਿਟ ਕਾਰਡ ਜ਼ਰੀਏ ਮੁਫਤ ਲੈਣ-ਦੇਣ ਦੀ ਇਹ ਸੁਵਿਧਾ ਸਾਰੇ ਕੁਲੈਕਟਿੰਗ ਸਿਸਟਮਸ 'ਤੇ ਲਾਗੂ ਹੋਵੇਗੀ।
ਕੰਪਨੀ ਨੇ ਕਿਹਾ ਕਿ ਸਾਰੇ ਡਿਜੀਟਲ ਕੁਲੈਕਸ਼ਨ ਗਾਹਕਾਂ ਲਈ ਚਾਰਜ ਮੁਕਤ ਹੋਣਗੇ। ਇਸ ਪਹਿਲਕਦਮੀ ਨਾਲ ਐੱਲ. ਆਈ. ਸੀ. ਦੇ ਮਹੱਤਵਪੂਰਣ ਪਾਲਿਸੀ ਧਾਰਕ ਬਿਨਾਂ ਕਿਸੇ ਚਾਰਜ ਦੇ ਸਹਿਜ ਨਾਲ ਆਨਲਾਈਨ ਲੈਣ-ਦੇਣ ਕਰ ਸਕਦੇ ਹਨ। ਜੀਵਨ ਬੀਮਾ ਬਾਜ਼ਾਰ ਵਿਚ ਐੱਲ. ਆਈ. ਸੀ. ਦੀ ਹਿੱਸੇਦਾਰੀ 70 ਫੀਸਦੀ ਹੈ। ਜ਼ਿਕਰਯੋਗ ਹੈ ਕਿ ਇਰਡਾ ਦੀ ਮਨਜ਼ੂਰੀ ਤੋਂ ਬਾਅਦ ਭਾਰਤੀ ਜੀਵਨ ਬੀਮਾ ਨਿਗਮ ਜਲਦ ਹੀ ਬਾਜ਼ਾਰ 'ਚ ਨਵੇਂ ਯੂਲਿਪ ਪਲਾਨ ਉਤਾਰਨ ਜਾ ਰਿਹਾ ਹੈ।