ਅਡਾਨੀ ਦੇ ਚੱਕਰ ''ਚ ਡੁੱਬਣ ਲੱਗਾ LIC ਦਾ ਪੈਸਾ, 30000 ਕਰੋੜ ਰੁਪਏ ਤੱਕ ਦਾ ਨੁਕਸਾਨ

02/24/2023 5:57:52 PM

ਨਵੀਂ ਦਿੱਲੀ- ਹਿੰਡਨਬਰਗ ਵਿਵਾਦ ਤੋਂ ਬਾਅਦ ਨਾ ਸਿਰਫ਼ ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਗਿਰਾਵਟ ਆਈ ਹੈ ਸਗੋਂ ਸਭ ਤੋਂ ਵੱਡੇ ਘਰੇਲੂ ਸੰਸਥਾਗਤ ਨਿਵੇਸ਼ਕ ਐੱਲ.ਆਈ.ਸੀ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ। ਦਰਅਸਲ ਹਿੰਡਨਬਰਗ ਰਿਪੋਰਟ ਜਾਰੀ ਹੋਣ ਦੇ ਕੁਝ ਦਿਨ ਬਾਅਦ 30 ਜਨਵਰੀ ਨੂੰ ਐੱਲ.ਆਈ.ਸੀ ਨੇ ਦੱਸਿਆ ਸੀ ਕਿ ਅਡਾਨੀ ਸਮੂਹ ਕੋਲ ਦਸੰਬਰ ਦੇ ਅੰਤ 'ਚ ਬੀਮਾ ਕੰਪਨੀ ਦੀ ਇਕੁਇਟੀ ਅਤੇ ਕਰਜ਼ੇ ਦੇ ਤਹਿਤ 35,917 ਕਰੋੜ ਰੁਪਏ ਸਨ। ਐੱਲ.ਆਈ.ਸੀ ਦੇ ਅਨੁਸਾਰ ਅਡਾਨੀ ਸਮੂਹ ਦੀਆਂ ਸਾਰੀਆਂ ਕੰਪਨੀਆਂ 'ਚ ਇਕੁਇਟੀ ਦਾ ਕੁੱਲ ਖਰੀਦ ਮੁੱਲ 30,127 ਕਰੋੜ ਰੁਪਏ ਹੈ ਅਤੇ 27 ਜਨਵਰੀ 2023 ਤੱਕ ਇਸ ਦਾ ਬਾਜ਼ਾਰ ਮੁੱਲ 56,142 ਕਰੋੜ ਰੁਪਏ ਸੀ। 23 ਫਰਵਰੀ ਨੂੰ ਬਾਜ਼ਾਰ ਬੰਦ ਹੋਣ ਤੱਕ ਇਹ ਬਾਜ਼ਾਰ ਮੁੱਲ ਘੱਟ ਕੇ 27000 ਕਰੋੜ ਰੁਪਏ 'ਤੇ ਆ ਗਿਆ। ਇਸ ਦਾ ਮਤਲਬ ਹੈ ਕਿ ਇਸ ਸਮੇਂ ਦੌਰਾਨ ਬੀਮਾ ਕੰਪਨੀ ਨੂੰ 30,000 ਕਰੋੜ ਰੁਪਏ ਤੱਕ ਦਾ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ-ਵਿਪਰੋ ਨੇ ਈ-ਮੇਲ ਭੇਜ ਕੇ ਇਕ ਝਟਕੇ ’ਚ ਅੱਧੀ ਕਰ ਦਿੱਤੀ ਤਨਖ਼ਾਹ, ਜਾਣੋ ਵਜ੍ਹਾ
ਦੱਸ ਦੇਈਏ ਕਿ ਐੱਲ.ਆਈ.ਸੀ. ਨੇ 30 ਜਨਵਰੀ ਤੋਂ ਬਾਅਦ ਸਮੂਹ ਕੰਪਨੀਆਂ 'ਚ ਹਿੱਸੇਦਾਰੀ ਖਰੀਦੀ ਜਾਂ ਵੇਚੀ ਨਹੀਂ ਹੈ। ਸ਼ੁੱਕਰਵਾਰ ਨੂੰ ਇੰਟਰਾ ਡੇਅ ਟ੍ਰੇਡ 'ਚ  ਐੱਲ.ਆਈ.ਸੀ. ਦੇ ਸ਼ੇਅਰ 585.05 ਰੁਪਏ 'ਤੇ ਕਾਰੋਬਾਰ ਕਰ ਰਹੇ ਸਨ। ਇਸ ਤੋਂ ਪਹਿਲਾਂ 590.90 'ਤੇ ਖੁੱਲ੍ਹਿਆ ਸੀ। ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਐੱਲ.ਆਈ.ਸੀ ਦੇ ਸ਼ੇਅਰ ਲਗਭਗ 17 ਫ਼ੀਸਦੀ ਤੱਕ ਡਿੱਗ ਗਏ ਹਨ।

ਇਹ ਵੀ ਪੜ੍ਹੋ-ਘਰ ਵਰਗਾ ਖਾਣਾ ਉਪਲੱਬਧ ਕਰਵਾਏਗਾ 'ਜ਼ੋਮੈਟੋ', ਕੀਮਤ ਕਰ ਦੇਵੇਗੀ ਹੈਰਾਨ
ਅਡਾਨੀ ਦੇ ਕਿਹੜੇ ਸ਼ੇਅਰਾਂ 'ਚ ਐੱਲ.ਆਈ.ਸੀ. ਦੀ ਕਿੰਨੀ ਹਿੱਸੇਦਾਰੀ 
ਐੱਲ.ਆਈ.ਸੀ. ਦੇ ਕੋਲ ਅਡਾਨੀ ਐਂਟਰਪ੍ਰਾਈਜਿਜ਼ ਲਿਮਟਿਡ ਗਰੁੱਪ ਦੀ ਪ੍ਰਮੁੱਖ ਕੰਪਨੀ 'ਚ 4,81,74,654 ਸ਼ੇਅਰ ਹਨ, ਜੋ ਦਸੰਬਰ 2022 ਤੱਕ ਕੰਪਨੀ ਦੀ ਕੁੱਲ ਅਦਾਇਗੀ ਪੂੰਜੀ ਦਾ 4.23 ਫ਼ੀਸਦੀ ਬਣਦਾ ਹੈ। ਅਡਾਨੀ ਪੋਰਟਸ 'ਚ ਐੱਲ.ਆਈ.ਸੀ. ਦੀ 9.14 ਫ਼ੀਸਦੀ ਹਿੱਸੇਦਾਰੀ ਹੈ। ਅਡਾਨੀ ਟ੍ਰਾਂਸਮਿਸ਼ਨ ਦੀ 3.65 ਫ਼ੀਸਦੀ ਹਿੱਸੇਦਾਰੀ ਹੈ। ਦਸੰਬਰ ਤੱਕ ਅਡਾਨੀ ਗ੍ਰੀਨ 'ਚ ਇਸ ਦੀ 1.28 ਫ਼ੀਸਦੀ ਅਤੇ ਅਡਾਨੀ ਟੋਟਲ ਗੈਸ 'ਚ 5.96 ਫ਼ੀਸਦੀ ਹਿੱਸੇਦਾਰੀ ਸੀ। ਐੱਲ.ਆਈ.ਸੀ. ਦੁਆਰਾ ਪ੍ਰਬੰਧਨ (ਏ.ਯੂ.ਐੱਮ) ਅਧੀਨ ਕੁੱਲ ਜਾਇਦਾਦ 30 ਸਤੰਬਰ 2022 ਤੱਕ 41.66 ਲੱਖ ਕਰੋੜ ਰੁਪਏ ਤੋਂ ਵੱਧ ਸੀ।

ਇਹ ਵੀ ਪੜ੍ਹੋ-11000 ਕਰਮਚਾਰੀਆਂ ਨੂੰ ਕੱਢਣ ਤੋਂ ਬਾਅਦ ਇਕ ਵਾਰ ਫਿਰ ਛਾਂਟੀ ਕਰੇਗਾ ਫੇਸਬੁੱਕ
ਮਾਰਕਿਟ ਕੈਪ 60 ਫ਼ੀਸਦੀ ਘਟ ਗਿਆ ਹੈ
ਤੁਹਾਨੂੰ ਦੱਸ ਦੇਈਏ ਕਿ ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਅਡਾਨੀ ਸਮੂਹ ਦੀਆਂ 10 ਸੂਚੀਬੱਧ ਕੰਪਨੀਆਂ ਦਾ ਸੰਯੁਕਤ ਮਾਰਕੀਟ ਕੈਪ 146 ਬਿਲੀਅਨ ਡਾਲਰ ਤੱਕ ਹੇਠਾਂ ਆ ਗਿਆ ਹੈ ਜੋ ਕਿ ਲਗਭਗ 60 ਫ਼ੀਸਦੀ ਹੈ। ਹਿੰਡਨਬਰਗ ਨੇ ਇੱਕ ਮਹੀਨਾ ਪਹਿਲਾਂ ਆਪਣੀ ਰਿਪੋਰਟ ਜਾਰੀ ਕੀਤੀ ਸੀ, ਜਿਸ 'ਚ ਲੇਖਾ ਧੋਖਾਧੜੀ ਅਤੇ ਸਟਾਕ ਹੇਰਾਫੇਰੀ ਦਾ ਦੋਸ਼ ਲਗਾਇਆ ਗਿਆ ਸੀ। ਹਾਲਾਂਕਿ ਅਡਾਨੀ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

Aarti dhillon

This news is Content Editor Aarti dhillon