ਸਸਤੇ ਹੋਣਗੇ 'ਬਿੱਗ ਸਕ੍ਰੀਨ' ਵਾਲੇ TV, ਕੀਮਤਾਂ 'ਚ ਕਟੌਤੀ ਹੋਈ ਸ਼ੁਰੂ

05/25/2019 8:37:45 AM

ਨਵੀਂ ਦਿੱਲੀ— ਹੁਣ 'ਬਿੱਗ ਸਕ੍ਰੀਨ' ਵਾਲਾ ਟੀ. ਵੀ. ਘਰ 'ਚ ਲਾਉਣਾ ਸਸਤਾ ਹੋ ਰਿਹਾ ਹੈ। ਭਾਰਤ ਦੇ ਦੋ ਸਭ ਤੋਂ ਵੱਡੇ ਟੀ. ਵੀ. ਨਿਰਮਾਤਾ ਸੈਮਸੰਗ ਅਤੇ ਐੱਲ. ਜੀ. ਵੀ ਚਾਈਨਿਜ਼ ਬ੍ਰਾਂਡਜ਼ ਤੇ ਸਿਰਫ ਆਨਲਾਈਨ ਵਿਕਣ ਵਾਲੇ ਟੀ. ਵੀਜ਼. ਦਾ ਮੁਕਾਬਲਾ ਕਰਨ ਲਈ ਕੀਮਤਾਂ 'ਚ ਕਟੌਤੀ ਕਰ ਰਹੇ ਹਨ। ਸੋਨੀ ਨੇ ਵੀ ਕੀਮਤਾਂ 'ਚ ਕਮੀ ਕੀਤੀ ਹੈ। ਇਨ੍ਹਾਂ ਦਿੱਗਜਾਂ ਨੂੰ ਸ਼ਿਓਮੀ, ਥਾਮਸਨ, ਟੀ. ਸੀ. ਐੱਲ. ਤੇ ਬੀ. ਪੀ. ਐੱਲ. ਤੋਂ ਸਖ਼ਤ ਚੁਣੌਤੀ ਮਿਲ ਰਹੀ ਹੈ।

 

30 ਮਈ ਨੂੰ ਸ਼ੁਰੂ ਹੋਣ ਵਾਲੇ ਕ੍ਰਿਕਟ ਵਰਲਡ ਕੱਪ ਦੇ ਮੱਦੇਨਜ਼ਰ ਵਿਕਰੀ ਵਧਾਉਣ ਦਾ ਮੌਕਾ ਦੇਖਦੇ ਹੋਏ ਕਈ ਟੀ. ਵੀ. ਬ੍ਰਾਂਡਜ਼ 'ਬਿੱਗ ਸੈੱਟ' ਦੀਆਂ ਕੀਮਤਾਂ 'ਚ 8 ਤੋਂ 12 ਫੀਸਦੀ ਦੀ ਕਮੀ ਕਰ ਚੁੱਕੇ ਹਨ। ਇੰਡਸਟਰੀ ਮਾਹਰਾਂ ਦਾ ਮੰਨਣਾ ਹੈ ਕਿ ਸਤੰਬਰ ਤਕ 43-55 ਦੀ ਇੰਚ ਸਕ੍ਰੀਨ ਵਾਲੇ ਟੀ. ਵੀ. ਦੀਆਂ ਕੀਮਤਾਂ ਲਗਭਗ 8,000 ਰੁਪਏ ਤਕ ਡਿੱਗ ਸਕਦੀਆਂ ਹਨ। ਕੀਮਤਾਂ 'ਚ ਕਟੌਤੀ ਦਾ ਪੂਰਾ ਅਸਰ ਦੀਵਾਲੀ ਤਕ ਸਾਫ ਨਜ਼ਰ ਆਵੇਗਾ।
 

ਹੁਣ ਕਿੰਨੀ ਘੱਟ ਹੋਈ ਕੀਮਤ-
ਸੋਨੀ ਦੇ 40 ਇੰਚ ਦੇ ਟੀ. ਵੀ. ਦੀ ਸ਼ੁਰੂਆਤੀ ਕੀਮਤ ਹੁਣ 37,990 ਹੈ। ਉੱਥੇ ਹੀ, ਐੱਲ. ਜੀ. ਤੇ ਸੈਮਸੰਗ 43 ਇੰਚ ਦਾ ਟੀ. ਵੀ. 41,990 ਰੁਪਏ ਅਤੇ 44,990 ਰੁਪਏ 'ਚ ਵੇਚ ਰਹੇ ਹਨ, ਜਿਸ ਦੀ ਪਿਛਲੀ ਦੀਵਾਲੀ 'ਤੇ ਕੀਮਤ 52,990 ਰੁਪਏ ਤੋਂ ਵੀ ਉਪਰ ਸੀ। 55 ਇੰਚ ਦਾ ਯੂ. ਐੱਚ. ਡੀ. ਵੀ ਹੁਣ ਤਕਰੀਬਨ 63,000 ਰੁਪਏ 'ਚ ਮਿਲ ਰਿਹਾ ਹੈ। ਪਹਿਲਾਂ ਇਸ ਦੀ ਕੀਮਤ 80,000 ਰੁਪਏ ਤੋਂ ਵੱਧ ਸੀ।
ਉੱਥੇ ਹੀ, ਇਨ੍ਹਾਂ ਬ੍ਰਾਂਡਿਡ ਦਿੱਗਜਾਂ ਦੇ ਮੁਕਾਬਲੇ, ਆਨਲਾਈਨ ਬਾਜ਼ਾਰ 'ਤੇ ਜ਼ੋਰ ਦੇਣ ਵਾਲੇ ਬ੍ਰਾਂਡਜ਼ ਜਿਵੇਂ ਕਿ ਸ਼ਿਓਮੀ, ਟੀ. ਸੀ. ਐੱਲ. ਅਤੇ ਥਾਮਸਨ 43 ਇੰਚ ਯੂ. ਐੱਚ. ਡੀ. ਟੀ. ਵੀ. ਸੈੱਟ 23,999 ਰੁਪਏ ਤੋਂ ਲੈ ਕੇ 29,499 ਰੁਪਏ ਵਿਚਕਾਰ ਵੇਚ ਰਹੇ ਹਨ, ਜਦੋਂ ਕਿ 55 ਇੰਚ ਦਾ ਮਾਡਲ 33,999 ਤੋਂ 56,799 ਰੁਪਏ ਦੀ ਰੇਂਜ ਵਿਚਕਾਰ ਵੇਚਿਆ ਜਾ ਰਿਹਾ ਹੈ।


Related News