ਚਾਰੇ ਦੀ ਕਮੀ ਨਾਲ ਹੋਰ ਮਹਿੰਗਾ ਹੋ ਸਕਦਾ ਹੈ ਦੁੱਧ

05/28/2019 11:28:57 AM

ਮੁੰਬਈ — ਇਸ ਸਾਲ ਮਾਨਸੂਨ ਦੇਰ ਨਾਲ ਆਉਣ ਅਤੇ ਦੇਸ਼ ਦੇ ਕੁਝ ਹਿੱਸਿਆਂ 'ਚ ਭਿਆਨਕ ਸੋਕੇ ਵਾਲੀ ਸਥਿਤੀ ਦੇ ਪੈਦਾ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਇਸ ਨਾਲ ਚਾਲੂ ਸੀਜ਼ਨ 'ਚ ਦੁੱਧ ਦੇ ਉਤਪਾਦਨ 'ਤੇ ਅਸਰ ਪਵੇਗਾ। ਇਸ ਸੀਜ਼ਨ 'ਚ ਦੁੱਧ ਦਾ ਉਤਪਾਦਨ ਪਹਿਲਾਂ ਹੀ ਘੱਟ ਹੋ ਚੁੱਕਾ ਹੈ। ਸਹਿਕਾਰੀ ਅਤੇ ਨਿੱਜੀ ਡੇਅਰੀਆਂ ਦੇ ਮੁਤਾਬਕ ਮੌਸਮ ਦੀ ਭਵਿੱਖਵਾਣੀ 'ਚ ਨੇੜਲੇ ਭਵਿੱਖ 'ਚ ਚਾਰੇ ਦੀ ਉਪਲੱਬਧਤਾ ਘੱਟ ਸਕਦੀ ਹੈ। ਪਸ਼ੂਆਂ ਦੇ ਚਾਰੇ ਦੀ ਕੀਮਤ ਪਹਿਲਾਂ ਹੀ ਪਿਛਲੇ ਸਾਲ ਦੀ ਤੁਲਨਾ 'ਚ 18 ਤੋਂ 20 ਫੀਸਦੀ ਵਧ ਚੁੱਕੀ ਹੈ। ਹਰਾ ਅਤੇ ਸੁੱਕਾ ਚਾਰਾ ਉਪਲੱਬਧ ਨਾ ਹੋਣ ਕਾਰਨ ਜਾਨਵਰਾਂ ਨੂੰ ਤਿਆਰ ਪਸ਼ੂ ਆਹਾਰ ਦਿੱਤਾ ਜਾ ਰਿਹਾ ਹੈ।

ਚਾਰੇ ਦੀ ਉਪਲੱਬਧਤਾ ਘਟਣ ਨਾਲ ਦੇਸ਼ 'ਚ ਦੁੱਧ ਦੀ ਲਾਗਤ ਵਧੇਗੀ, ਲਾਗਤ ਵਧਣ ਨਾਲ ਦੁੱਧ ਦੀਆਂ ਕੀਮਤਾਂ 'ਚ ਵਾਧਾ ਹੋਵੇਗਾ ਅਤੇ ਕੀਮਤਾਂ ਵਧਣ ਨਾਲ ਖਰੀਦ ਘੱਟ ਹੋਵੇਗੀ। ਅਮੂਲ ਬ੍ਰਾਂਡ ਦੇ ਮੈਨੇਜਿੰਗ ਡਾਇਰੈਕਟਰ ਆਰ.ਐਸ. ਸੋਢੀ ਨੇ ਕਿਹਾ, 'ਮੌਜੂਦਾ ਸਮੇਂ 'ਚ ਸਾਡੀ ਦੁੱਧ ਦੀ ਖਰੀਦ 2.1 ਕਰੋੜ ਲਿਟਰ ਹੈ ਜਿਹੜੀ ਕਿ ਪਿਛਲੇ ਸਾਲ ਇਸੇ ਸਮੇਂ ਦੀ ਤੁਲਨਾ 'ਚ 5 ਤੋਂ 6 ਫੀਸਦੀ ਅਤੇ ਪਿਛਲੀਆਂ ਸਰਦੀਆਂ ਦੇ ਸੀਜ਼ਨ ਤੋਂ 20 ਫੀਸਦੀ ਘੱਟ ਹੈ। ਚਾਰੇ ਦੀ ਕਮੀ ਨਾਲ ਯਕੀਨੀ ਤੌਰ 'ਤੇ ਦੁੱਧ ਦੀ ਖਰੀਦ 'ਤੇ ਅਸਰ ਪਵੇਗਾ।'

ਜਾਨਵਰ ਚਾਰੇ ਦੀ ਕਮੀ ਨਾਲ ਦੁੱਧ ਘੱਟ ਦੇਣ ਲੱਗ ਜਾਂਦੇ ਹਨ। ਸੋਢੀ ਮੁਤਾਬਕ ਭਾਰਤ ਵਿਚ ਗਾਂ ਰੋਜ਼ਾਨਾ ਔਸਤਨ 4 ਲਿਟਰ ਦੁੱਧ ਦਿੰਦੀ ਹੈ ਜਦੋਂਕਿ ਮੱਝ 5 ਤੋਂ 6 ਲਿਟਰ ਦੁੱਧ ਦਿੰਦੀ ਹੈ। ਸੰਕਰ ਗਾਂ 8 ਤੋਂ 9 ਲਿਟਰ ਦੁੱਧ ਦਿੰਦੀ ਹੈ। ਸੋਢੀ ਨੇ ਕਿਹਾ ਕਿ ਇਸ ਅਸਰ ਨੂੰ ਘੱਟ ਕਰਨ ਲਈ GCMMF ਜਾਨਵਰਾਂ ਦੇ ਆਹਾਰ ਦਾ ਉਤਪਾਦਨ ਵਧਾਉਣ ਲਈ ਤਿਆਰ ਹੈ। ਇਸ ਸਮੇਂ GCMMF ਕੋਲ ਰੋਜ਼ਾਨਾ 9,000 ਟਨ ਪਸ਼ੂ ਆਹਾਰ ਬਣਾਉਣ ਦੀ ਸਮਰੱਥਾ ਹੈ। 

ਹਾਲਾਂਕਿ ਪਰਾਗ ਮਿਲਕ ਫੂਡਸ ਲਿਮਟਿਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਦਵਿੰਦਰ ਸ਼ਾਹ ਨੇ ਕਿਹਾ ਕਿ ਅਜਿਹੇ ਕਿਸੇ ਅਸਰ ਦਾ ਪਤਾ ਮਾਨਸੂਨ ਆਉਣ 'ਤੇ ਹੀ ਪਤਾ ਲੱਗੇਗਾ। ਸ਼ਾਹ ਨੇ ਕਿਹਾ,' ਗਰਮੀਆਂ ਵਿਚ ਜਾਨਵਰਾਂ ਦੇ ਚਾਰੇ ਦੀ ਉਪਲੱਬਧਤਾ ਪਹਿਲਾਂ ਹੀ ਘੱਟ ਹੋ ਚੁੱਕੀ ਹੈ। ਇਹ ਦੇਖਣਾ ਹੋਵੇਗਾ ਕਿ ਮਾਨਸੂਨ 'ਤੇ ਇਸ ਦਾ ਕਿੰਨਾ ਅਸਰ ਪੈਂਦਾ ਹੈ। ਹਾਲਾਂਕਿ ਮਾਨਸੂਨ ਤੋਂ ਪਹਿਲਾਂ ਦੀ ਬਾਰਿਸ਼ ਦੱਖਣੀ ਭਾਰਤ ਦੇ ਕੁਝ ਹਿੱਸਿਆਂ ਵਿਚ ਸ਼ੁਰੂ ਹੋ ਚੁੱਕੀ ਹੈ।'

ਹੁਣ ਦੇਖਣਾ ਇਹ ਹੋਵੇਗਾ ਕਿ ਕੀ ਮੌਸਮ ਦੇ ਅਸਰ ਨਾਲ ਪਸ਼ੂਆਂ ਦੇ ਚਾਰੇ ਦੀਆਂ ਕੀਮਤਾਂ ਕਿੰਨੀਆਂ ਵਧਦੀਆਂ ਹਨ ਜਿਹੜੀਆਂ ਕਿ ਪਹਿਲਾਂ ਹੀ 15 ਫੀਸਦੀ ਵਧ ਚੁੱਕੀਆਂ ਹਨ। ਬਿਨਾਂ ਤੇਲ ਦੇ ਚਾਵਲਾਂ ਦਾ ਬੂਰ 61 ਫੀਸਦੀ, ਰਾਈਸ ਪੋਲਿਸ ਫਾਇਨ 22 ਫੀਸਦੀ, ਗੁੜ 82 ਫੀਸਦੀ ਅਤੇ ਮੱਕਾ 63 ਫੀਸਦੀ ਮਹਿੰਗੇ ਹੋਏ ਹਨ। ਇਸ ਨਾਲ ਦੁੱਧ ਧਾਰੀ ਜਾਨਵਰਾਂ ਦੇ ਆਹਾਰ ਦੀਆਂ ਕੀਮਤਾਂ ਵਿਚ 15 ਫੀਸਦੀ ਤੱਕ ਦਾ ਵਾਧਾ ਹੋਇਆ ਹੈ। GCMMF ਨੇ ਕਿਹਾ, ' ਇਸ ਤਰ੍ਹਾਂ ਹਰੇ ਚਾਰੇ ਦੀਆਂ ਕੀਮਤਾਂ ਇਸ ਵਾਰ ਗਰਮੀਆਂ 'ਚ 100 ਫੀਸਦੀ ਵਧ ਗਈਆਂ ਹਨ। ਦੁੱਧ ਉਤਪਾਦਨ ਦੀ ਲਾਗਤ ਵਿਚ ਵਾਧੇ ਨੂੰ ਧਿਆਨ 'ਚ ਰੱਖਦੇ ਹੋਏ ਗੁਜਰਾਤ ਦੇ ਸਾਰੇ ਮੈਂਬਰਾਂ ਦੁੱਧ ਯੂਨੀਅਨਾਂ ਨੇ ਪਿਛਲੇ ਕੁਝ ਸਾਲਾਂ ਦੌਰਾਨ ਦੁੱਧ ਦੀ ਖਰੀਦ ਦੀ ਕੀਮਤ ਪ੍ਰਤੀ ਕਿਲੋਗ੍ਰਾਮ ਫੈਟ 30 ਤੋਂ 50 ਰੁਪਏ ਵਧਾਏ ਹਨ। 


Related News