ਹੁਣ ਗਲਤ ਜਾਂ ਗੁੰਮਰਾਹ ਕਰਨ ਵਾਲੇ ਟਵੀਟ 'ਤੇ ਲੱਗੇਗਾ ਲੇਬਲ, ਜਾਰੀ ਹੋਵੇਗੀ ਚਿਤਾਵਨੀ

02/05/2020 3:44:24 PM

ਨਵੀਂ ਦਿੱਲੀ — ਟਵਿੱਟਰ 'ਤੇ ਕੁਝ ਦਿਨਾਂ 'ਚ ਇਕ ਅਜਿਹੀ ਸਹੂਲਤ ਉਪਲੱਬਧ ਹੋਵੇਗੀ ਜਿਹੜੀ ਕਿਸੇ ਗਲਤ ਜਾਂ ਗੁੰਮਰਾਹਕੁੰਨ ਜਾਣਕਾਰੀ ਵਾਲੇ ਟਵੀਟ ਨੂੰ ਰੀਟਵੀਟ ਕਰਨ 'ਤੇ ਉਪਭੋਗਤਾ ਨੂੰ ਇਕ ਚਿਤਾਵਨੀ ਦਿਖਾਏਗੀ। ਕੰਪਨੀ ਇਹ ਸੇਵਾ 5 ਮਾਰਚ 2020 ਤੋਂ ਸ਼ੁਰੂ ਕਰ ਦੇਵੇਗੀ। ਇਸਦਾ ਉਦੇਸ਼ ਗੁੰਮਰਾਹਕੁੰਨ ਜਾਂ ਗਲਤ ਜਾਣਕਾਰੀ ਨੂੰ ਫੈਲਣ ਤੋਂ ਰੋਕਣਾ ਹੈ ਜਿਹੜੀ ਜਨਤਾ ਦੀ ਸੁਰੱਖਿਆ ਲਈ ਜਾਂ ਵੋਟਰ ਨੂੰ ਕਿਸੇ ਵੀ ਤਰ੍ਹਾਂ ਨਾਲ ਪ੍ਰਭਾਵਿਤ ਕਰ ਸਕਦੀ ਹੈ। ਕੰਪਨੀ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਜਲਦੀ ਹੀ ਆਪਣੇ ਪਲੇਟਫਾਰਮ 'ਤੇ ਟਵੀਟ ਦੀ ਲੇਬਲਿੰਗ ਕਰਨ ਦੀ ਸ਼ੁਰੂਆਤ ਕਰੇਗੀ। ਉਹ ਉਸ ਜਾਣਕਾਰੀ ਦੀ ਪਛਾਣ ਕਰੇਗੀ ਜਿਹੜੀ 'ਗੁੰਮਰਾਹ ਜਾਂ ਤੋੜ-ਮਰੋੜ ਕੇ ਪੇਸ਼' ਕੀਤੀ ਗਈ ਹੋਵੇ। ਇਸਦੇ ਨਾਲ ਹੀ ਕੰਪਨੀ ਲੋਕਾਂ ਨੂੰ ਗਲਤ ਸੂਚਨਾ ਦੇਣ ਵਾਲੇ ਅਜਿਹੇ ਟਵੀਟ ਨੂੰ ਹਟਾਉਣ ਲਈ ਵੀ ਕਦਮ ਚੁੱਕੇਗੀ। ਇਸ ਤੋਂ ਇਲਾਵਾ ਕੰਪਨੀ ਗੁੰਮਰਾਹਕੁੰਨ ਜਾਣਕਾਰੀ ਵਾਲੇ ਟਵੀਟ ਨੂੰ ਸਾਂਝਾ ਕਰਨ ਤੋਂ ਪਹਿਲਾਂ ਚੇਤਾਵਨੀ ਵੀ ਜਾਰੀ ਕਰੇਗੀ। ਇਸ ਦਾ ਮਕਸਦ ਅਜਿਹੇ ਟਵੀਟ ਨੂੰ ਫੈਲਣ ਤੋਂ ਰੋਕਣਾ ਹੈ। ਗੁੰਮਰਾਹਕੁੰਨ ਜਾਣਕਾਰੀ ਦੇ ਖਿਲਾਫ ਟਵਿੱਟਰ ਵਲੋਂ ਇਹ ਕਦਮ ਚੁੱਕਣ ਦਾ ਐਲਾਨ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਦੁਨੀਆ ਭਰ 'ਚ ਸੋਸ਼ਲ ਮੀਡੀਆ 'ਤੇ ਜਾਅਲੀ ਜਾਂ ਛੇੜਛਾੜ ਕਰਕੇ ਪੇਸ਼ ਕੀਤੀ ਜਾਣਕਾਰੀ, ਜਾਅਲੀ ਵਿਡੀਓਜ਼ ਅਤੇ ਉਨ੍ਹਾਂ ਦੇ ਭਿਆਨਕ ਪ੍ਰਭਾਵਾਂ ਬਾਰੇ ਦੁਨੀਆ ਭਰ 'ਚ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ।                                                                  

ਕੰਪਨੀ ਨੇ ਆਪਣੇ ਤਾਜ਼ਾ ਬਲਾਗ ਪੋਸਟ ਵਿਚ ਲਿਖਿਆ ਹੈ, ' ਕਿਸੇ ਟਵੀਟ 'ਚ ਸਾਂਝਾ ਕੀਤੀ ਗਈ ਮੀਡੀਆ ਸਮੱਗਰੀ ਜੇਕਰ ਸਾਨੂੰ ਫਰਜ਼ੀ ਜਾਂ ਛੇੜਛਾੜ ਕੀਤੀ ਹੋਈ ਲੱਗੇਗੀ ਤਾਂ ਅਸੀਂ ਉਸ ਟਵੀਟ 'ਤੇ ਇਸਦੀ ਸੰਭਾਵਨਾ ਦੀ ਵਾਧੂ ਜਾਣਕਾਰੀ ਦੇਵਾਂਗੇ। ਇਸਦਾ ਅਰਥ ਹੈ ਕਿ ਅਸੀਂ ਉਸ ਟਵੀਟ 'ਤੇ ਇਕ ਤਰ੍ਹਾਂ ਦਾ ਲੇਬਲ (ਟੈਗ) ਲਗਾ ਸਕਦੇ ਹਾਂ ਅਤੇ ਅਜਿਹੇ ਟਵੀਟ ਨੂੰ ਰੀਟਵੀਟ ਜਾਂ ਪਸੰਦ(ਲਾਈਕ) ਕਰਨ ਤੋਂ ਪਹਿਲਾਂ ਉਪਭੋਗਤਾ ਨੂੰ ਚਿਤਾਵਨੀ ਦਿਖਾਈ ਦੇਵੇਗੀ। ਇਸ ਤੋਂ ਇਲਾਵਾ ਨਵੇਂ ਸਖਤ ਨਿਯਮਾਂ ਦੇ ਤਹਿਤ, ਅਸੀਂ ਟਵਿੱਟਰ 'ਤੇ ਅਜਿਹੇ ਟਵੀਟ ਦੀ ਪਹੁੰਚ ਨੂੰ ਘਟਾਵਾਂਗੇ।'

ਇਸ ਦੇ ਲਈ ਅਜਿਹੇ ਟਵੀਟ ਨੂੰ 'ਜ਼ਰੂਰ ਦੇਖੋ' (ਰਿਕਮੇਂਡਿਡ ਟਵੀਟ) ਦੇ ਸੁਝਾਅ ਤੋਂ ਵੀ ਹਟਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਵਾਧੂ ਸਪਸ਼ਟੀਕਰਨ ਜਾਂ ਜਾਣਕਾਰੀ ਵੀ ਉਪਲੱਬਧ ਕਰਵਾਂਗੇ।

ਟਵਿੱਟਰ ਨੇ ਕਿਹਾ, 'ਜ਼ਿਆਦਾਤਰ ਮਾਮਲਿਆਂ ਵਿਚ ਜਿਹੜੇ ਟਵੀਟ 'ਤੇ ਅਸੀਂ ਗੁੰਮਰਾਹਕੁੰਨ ਜਾਣਕਾਰੀ ਦਾ ਲੇਬਲ ਲਗਾਵਾਂਗੇ, ਉਨ੍ਹਾਂ ਉੱਪਰ ਬਣਦੇ ਸਾਰੇ ਕਦਮ ਵੀ ਚੁੱਕਾਂਗੇ। ਸਾਡੀਆਂ ਟੀਮਾਂ 5 ਮਾਰਚ, 2020 ਤੋਂ ਅਜਿਹੇ ਟਵੀਟ 'ਤੇ ਲੇਬਲ ਲਗਾਉਣਾ ਸ਼ੁਰੂ ਕਰ ਦੇਣਗੀਆਂ। ਕਿਸੇ ਮੀਡੀਆ ਜਾਂ ਵੀਡੀਓ ਦੇ ਗੁੰਮਰਾਹਕੁੰਨ ਹੋਣ ਦੀ ਜਾਂਚ ਕਰਨ ਲਈ ਕੰਪਨੀ ਇਹ ਦੇਖੇਗੀ ਕਿ ਕੀ ਉਸ ਵੀਡੀਓ ਨੂੰ ਇਸ ਤਰ੍ਹਾਂ ਨਾਲ ਸੰਪਾਦਿਤ ਕੀਤਾ(ਬਣਾਇਆ) ਗਿਆ ਹੈ ਜਿਸ ਨਾਲ ਉਸ ਦੀ ਸ਼ੁਰੂਆਤ, ਅਸਲ ਜਾਣਕਾਰੀ ਅਤੇ ਤਰਤੀਬ ਬਦਲ ਗਿਆ ਹੈ। ਇਸ ਤੋਂ ਇਲਾਵਾ ਕੰਪਨੀ ਵੀਡੀਓ ਨੂੰ ਨਵੇਂ ਫਰੇਮ ਵਿਚ ਬਦਲਣ, ਹੋਰ ਆਵਾਜ਼ ਜੋੜਨ ਅਤੇ ਉਪਸਿਰਲੇਖਾਂ ਨੂੰ ਸੰਸ਼ੋਧਿਤ ਕੀਤੇ ਜਾਣ ਦੀ ਜਾਂਚ ਵੀ ਕਰੇਗੀ। ਕੰਪਨੀ ਇਹ ਵੀ ਵੇਖੇਗੀ ਕਿ ਕੀ ਕਿਸੇ ਵਿਅਕਤੀ ਨੂੰ ਦਿਖਾਉਣ ਵਾਲਾ ਵੀਡੀਓ ਬਣਾਇਆ ਗਿਆ ਹੈ ਜਾਂ ਰਚਿਆ / ਘੜ੍ਹਿਆ ਗਿਆ ਹੈ।