59 ਮਿੰਟ ''ਚ ਇੰਝ ਮਿਲੇਗਾ 1 ਕਰੋੜ ਦਾ ਲੋਨ, ਸਿੱਧੇ ਖਾਤੇ ''ਚ ਹੋਵੇਗਾ ਟਰਾਂਸਫਰ

11/03/2018 4:06:30 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਛੋਟੇ ਉਦਯੋਗਾਂ ਦੀ ਮਦਦ ਲਈ 59 ਮਿੰਟ 'ਚ ਲੋਨ ਮਨਜ਼ੂਰ ਕਰਨ ਦੀ ਸਕੀਮ ਲਾਂਚ ਕੀਤੀ। ਇਸ ਸਕੀਮ ਦਾ ਫਾਇਦਾ ਉਨ੍ਹਾਂ ਲੋਕਾਂ ਨੂੰ ਮਿਲੇਗਾ ਜੋ ਛੋਟੇ ਜਾਂ ਦਰਮਿਆਨੇ ਉਦਯੋਗ ਲਾਉਣ ਜਾਂ ਆਪਣੇ ਕਾਰੋਬਾਰ ਨੂੰ ਵਧਾਉਣਾ ਚਾਹੁੰਦੇ ਹਨ। ਸਰਕਾਰ ਦੀ ਇਸ ਸਕੀਮ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਲੋਨ ਲੈਣ ਲਈ ਤੁਹਾਨੂੰ ਬੈਂਕਾਂ ਦੇ ਚੱਕਰ ਲਾਉਣ ਦੀ ਜ਼ਰੂਰਤ ਨਹੀਂ ਹੈ। ਇਹ ਸਾਰਾ ਪ੍ਰੋਸੈੱਸ ਆਨਲਾਈਨ ਹੀ ਹੋਵੇਗਾ। ਇਸ ਸਕੀਮ ਨਾਲ 21 ਸਰਕਾਰੀ ਬੈਂਕ ਜੁੜੇ ਹਨ। ਭਾਰਤੀ ਸਟੇਟ ਬੈਂਕ, ਪੀ. ਐੱਨ. ਬੀ. ਅਤੇ ਬੈਂਕ ਆਫ ਬੜੌਦਾ ਵਰਗੇ ਵੱਡੇ ਬੈਂਕਾਂ ਤੋਂ ਲੈ ਕੇ ਓਰੀਐਂਟਲ ਬੈਂਕ ਆਫ ਕਾਮਰਸ, ਕਾਰਪੋਰੇਸ਼ਨ ਬੈਂਕ, ਇੰਡੀਅਨ ਬੈਂਕ, ਇਲਾਹਾਬਾਦ ਬੈਂਕ, ਵਿਜਯਾ ਬੈਂਕ, ਸਿਡਬੀ, ਆਂਧਰਾ ਪ੍ਰਦੇਸ਼ ਬੈਂਕ, ਬੈਂਕ ਆਫ ਇੰਡੀਆ, ਯੂਨਾਈਟਿਡ ਬੈਂਕ ਆਫ ਇੰਡੀਆ ਆਦਿ ਇਸ 'ਚ ਸ਼ਾਮਲ ਹਨ। ਸਰਕਾਰ ਦੇ ਪੋਰਟਲ 'ਤੇ ਤੁਸੀਂ 59 ਮਿੰਟ 'ਚ 1 ਲੱਖ ਰੁਪਏ ਤੋਂ ਲੈ ਕੇ 1 ਕਰੋੜ ਰੁਪਏ ਤਕ ਦਾ ਬਿਜ਼ਨੈੱਸ ਲੋਨ ਲੈ ਸਕਦੇ ਹੋ। ਇਹ ਲੋਨ ਲੈਣ ਲਈ ਜੀ. ਐੱਸ. ਟੀ. ਰਿਟਰਨ/ਇਨਕਮ ਟੈਕਸ ਰਿਟਰਨ/ਬੈਂਕਿੰਗ ਡਿਟੇਲ ਦੇਣਾ ਜ਼ਰੂਰੀ ਹੈ।

ਖਾਸ ਗੱਲ ਇਹ ਵੀ ਹੈ ਕਿ ਤੁਹਾਨੂੰ ਪੋਰਟਲ 'ਤੇ ਰਜਿਸਟਰੇਸ਼ਨ ਲਈ ਕੋਈ ਵੀ ਫੀਸ ਨਹੀਂ ਦੇਣੀ ਪਵੇਗੀ। ਲੋਨ ਦਾ ਪ੍ਰੋਸੈੱਸ ਸ਼ੁਰੂ ਕਰਨ ਲਈ ਤੁਹਾਨੂੰ ਪਹਿਲਾਂ ਨਾਮ, ਈ-ਮੇਲ ਅਤੇ ਮੋਬਾਇਲ ਨੰਬਰ ਦੇਣਾ ਹੋਵੇਗਾ। ਆਓ ਜਾਣਦੇ ਹਾਂ ਇਹ ਪ੍ਰੋਸੈੱਸ ਕਿਵੇਂ ਸ਼ੁਰੂ ਹੋਵੇਗਾ :—

  • - ਤੁਹਾਨੂੰ ਸਭ ਤੋਂ ਪਹਿਲਾਂ https://www.psbloansin59minutes.com/home 'ਤੇ ਕਲਿੱਕ ਕਰਨਾ ਹੋਵੇਗਾ।
  • - ਇੱਥੇ 'ਅਪਲਾਈ ਨਾਓ' 'ਤੇ ਕਲਿੱਕ ਕਰਨਾ ਹੋਵੇਗਾ।
  • - ਇਸ ਦੇ ਬਾਅਦ ਆਪਣਾ ਨਾਮ, ਮੋਬਾਇਲ ਨੰਬਰ ਅਤੇ ਈ-ਮੇਲ ਆਈ. ਡੀ. ਭਰਨੀ ਹੋਵੇਗੀ।
  • - ਮੋਬਾਇਲ ਨੰਬਰ 'ਤੇ ਵਨ ਟਾਈਮ ਪਾਸਵਰਡ (ਓ. ਟੀ. ਪੀ.) ਆਵੇਗਾ, ਜਿਸ ਨੂੰ ਸਬਮਿਟ ਕਰਦੇ ਹੀ ਲੋਨ ਦਾ ਪ੍ਰੋਸੈੱਸ ਸ਼ੁਰੂ ਹੋ ਜਾਵੇਗਾ।
  • - ਹੁਣ ਤੁਹਾਨੂੰ ਇੱਥੇ ਆਪਣਾ ਜੀ. ਐੱਸ. ਟੀ. ਨੰਬਰ ਅਤੇ ਇਨਕਮ ਟੈਕਸ ਰਿਟਰਨ ਨੂੰ ਦਾਖਲ ਕਰਨਾ ਹੋਵੇਗਾ।
  • - ਇਸ ਦੇ ਇਲਾਵਾ 6 ਮਹੀਨਿਆਂ ਦੀ ਬੈਂਕ ਸਟੇਟਮੈਂਟ ਵੀ ਪੀ. ਡੀ. ਐੱਫ. ਫਾਰਮਟ 'ਚ ਅਪਲੋਡ ਕਰਨੀ ਹੋਵੇਗੀ।
  • - ਜੋ ਲੋਕ ਕੰਪਨੀ ਦੇ ਮਾਲਕ ਜਾਂ ਫਿਰ ਨਿਰਦੇਸ਼ਕ ਹੋਣਗੇ ਉਨ੍ਹਾਂ ਨੂੰ ਆਪਣੀ ਬੇਸਿਕ, ਨਿੱਜੀ ਅਤੇ ਸਿੱਖਿਆ ਦੀ ਜਾਣਕਾਰੀ ਵੀ ਦੇਣੀ ਹੋਵੇਗੀ।
  • - ਸਾਰੀ ਜਾਣਕਾਰੀ ਅਪਲੋਡ ਹੋਣ ਦੇ ਬਾਅਦ 59 ਮਿੰਟ 'ਚ ਲੋਨ ਮਨਜ਼ੂਰ ਹੋ ਜਾਵੇਗਾ।
  • - ਇਸ ਦੇ ਬਾਅਦ ਸੰਬੰਧਤ ਬੈਂਕ ਤੋਂ ਲੋਨ ਦੀ ਰਾਸ਼ੀ ਤੁਹਾਡੇ ਬੈਂਕ ਖਾਤੇ 'ਚ ਟਰਾਂਸਫਰ ਹੋ ਜਾਵੇਗੀ।