ਪੀ.ਐੱਮ. ਮੋਦੀ ਨੇ ਦਿੱਤਾ ਤੋਹਫਾ, ਹੁਣ ਘਰ ਬੈਠੇ ਇਕ ਕਲਿੱਕ ''ਤੇ ਖੋਲ੍ਹੋ ਬੈਂਕ ਖਾਤਾ

09/02/2018 5:44:17 PM

ਜਲੰਧਰ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਇੰਡੀਆ ਪੋਸਟ ਪੇਮੈਂਟ ਬੈਂਕ (ਆਈ. ਪੀ. ਪੀ. ਬੀ.) ਨੂੰ ਹਰੀ ਝੰਡੀ ਦੇ ਦਿੱਤੀ ਹੈ। ਇੰਡੀਆ ਪੋਸਟ ਪੇਮੈਂਟ ਬੈਂਕ 3 ਤਰ੍ਹਾਂ ਦੇ ਬਚਤ ਖਾਤੇ ਖੋਲ੍ਹਣ ਦੀ ਸੁਵਿਧਾ ਦੇਵੇਗਾ। ਇਨ੍ਹਾਂ 'ਚ ਰੈਗੂਲਰ, ਡਿਜੀਟਲ ਅਤੇ ਬੇਸਿਕ ਬਚਤ ਖਾਤਾ ਸ਼ਾਮਲ ਹਨ। ਇਹ ਖਾਤੇ ਜ਼ੀਰੋ ਬੈਲੰਸ 'ਤੇ ਖੋਲ੍ਹੇ ਜਾ ਸਕਦੇ ਹਨ। ਇਨ੍ਹਾਂ ਸਭ ਲਈ ਸਾਲਾਨਾ ਵਿਆਜ ਦਰ 4 ਫੀਸਦੀ ਹੋਵੇਗੀ। ਵਿਅਕਤੀ ਅਤੇ ਛੋਟੇ ਕਾਰੋਬਾਰੀ ਇਸ ਪੇਮੈਂਟ ਬੈਂਕ 'ਚ ਆਪਣਾ ਖਾਤਾ ਖੋਲ੍ਹ ਸਕਦੇ ਹਨ। ਖਾਤਾ ਡਾਕਘਰ 'ਚ ਜਾ ਕੇ ਜਾਂ ਫਿਰ ਡਾਕੀਏ ਨੂੰ ਬੁਲਵਾ ਕੇ ਖੁੱਲ੍ਹਵਾਇਆ ਜਾ ਸਕਦਾ ਹੈ। ਇਹ ਪਹਿਲਾ ਪੇਮੈਂਟ ਬੈਂਕ ਹੈ ਜੋ ਲੋਕਾਂ ਨੂੰ ਘਰ 'ਤੇ ਹੀ ਬੈਂਕਿੰਗ ਸੇਵਾਵਾਂ ਦੇਵੇਗਾ। ਆਓ ਜਾਣਦੇ ਹਾਂ ਇਸ ਬਾਰੇ ਖਾਸ ਗੱਲਾਂ—
 

ਕਿੰਝ ਖੁੱਲ੍ਹੇਗਾ ਮੋਬਾਇਲ 'ਤੇ ਖਾਤਾ?


* ਡਿਜੀਟਲ ਬਚਤ ਖਾਤਾ ਖੋਲ੍ਹਣ ਲਈ ਤੁਸੀਂ ਇੰਡੀਆ ਪੋਸਟ ਪੇਮੈਂਟ ਬੈਂਕ ਦੀ ਐਪ ਮੋਬਾਇਲ 'ਤੇ ਡਾਊਨਲੋਡ ਕਰ ਸਕਦੇ ਹੋ। ਜੇਕਰ ਤੁਹਾਡੀ ਉਮਰ 18 ਸਾਲ ਤੋਂ ਉਪਰ ਹੈ ਅਤੇ ਤੁਹਾਡੇ ਕੋਲ ਆਧਾਰ ਤੇ ਪੈਨ ਕਾਰਡ ਹਨ, ਤਾਂ ਤੁਸੀਂ ਇਹ ਖਾਤਾ ਖੋਲ੍ਹ ਸਕਦੇ ਹੋ। ਆਧਾਰ ਅਤੇ ਪੈਨ ਕਾਰਡ ਦੀ ਮਦਦ ਨਾਲ ਤੁਹਾਡਾ ਇਹ ਖਾਤਾ ਤੁਰੰਤ ਖੁੱਲ੍ਹ ਜਾਵੇਗਾ। ਡਿਜੀਟਲ ਖਾਤੇ ਨਾਲ ਤੁਸੀਂ ਆਨਲਾਈਨ ਪੈਸੇ ਟਰਾਂਸਫਰ ਕਰ ਸਕਦੇ ਹੋ। ਬਿੱਲ ਪੇਮੈਂਟ ਅਤੇ ਰੀਚਾਰਜ ਵੀ ਕਰ ਸਕਦੇ ਹੋ। ਡਿਜੀਟਲ ਬਚਤ ਖਾਤੇ ਨੂੰ ਤੁਸੀਂ ਡਾਕਘਰ ਬਚਤ ਖਾਤੇ ਲਿੰਕ ਨਾਲ ਵੀ ਕਰ ਸਕਦੇ ਹੋ। 12 ਮਹੀਨਿਆਂ ਅੰਦਰ ਕੇ. ਵੀ. ਸੀ. (ਨੋ ਯੂਅਰ ਕਸਟਮਰ) ਪੂਰੀ ਕਰਨੀ ਹੋਵੇਗੀ।
 

ਕਿੱਥੇ ਖੁੱਲ੍ਹੇਗਾ ਰੈਗੂਲਰ ਤੇ ਬੇਸਿਕ ਖਾਤਾ?
* ਰੈਗੂਲਰ ਬਚਤ ਖਾਤਾ ਬਰਾਂਚ 'ਚ ਜਾ ਕੇ ਅਤੇ ਡਾਕੀਏ ਦੀ ਮਦਦ ਨਾਲ ਘਰ ਬੈਠੇ ਵੀ ਖੁੱਲ੍ਹਵਾਇਆ ਜਾ ਸਕਦਾ ਹੈ। ਇਸ ਖਾਤੇ ਨੂੰ ਪੈਸੇ ਜਮ੍ਹਾ ਕਰਾਉਣ ਤੇ ਕਢਾਉਣ ਅਤੇ ਸੌਖਿਆ ਪੈਸੇ ਭੇਜਣ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ 'ਚ ਪੈਸੇ ਕਢਾਉਣ ਦੀ ਵੀ ਕੋਈ ਲਿਮਟ ਨਹੀਂ ਹੋਵੇਗੀ। ਬੇਸਿਕ ਬਚਤ ਖਾਤੇ ਦੇ ਫੀਚਰਜ਼ ਵੀ ਪੂਰੀ ਤਰ੍ਹਾਂ ਨਾਲ ਰੈਗੂਲਰ ਬਚਤ ਖਾਤੇ ਵਰਗੇ ਹਨ ਪਰ ਇਸ 'ਚ ਮਹੀਨੇ ਦੌਰਾਨ ਸਿਰਫ ਚਾਰ ਵਾਰ ਹੀ ਬਿਨਾਂ ਕਿਸੇ ਚਾਰਜ ਦੇ ਪੈਸੇ ਕਢਾਉਣ ਦੀ ਮਨਜ਼ੂਰੀ ਹੋਵੇਗੀ।
 

4 ਫੀਸਦੀ ਮਿਲੇਗਾ ਵਿਆਜ, ਸਟੇਮੈਂਟ ਦਾ ਨਹੀਂ ਹੋਵੇਗਾ ਚਾਰਜ :
ਰੈਗੂਲਰ, ਬੇਸਿਕ ਅਤੇ ਡਿਜੀਟਲ ਬੈਂਕ ਖਾਤੇ 'ਤੇ 4 ਫੀਸਦੀ ਵਿਆਜ ਮਿਲੇਗਾ। ਘਰ ਬੈਠੇ ਖਾਤਾ ਖੁੱਲ੍ਹਵਾਉਣ ਦਾ ਪੋਸਟ ਪੇਮੈਂਟ ਬੈਂਕ ਕੋਈ ਚਾਰਜ ਨਹੀਂ ਲਵੇਗਾ, ਯਾਨੀ ਇਹ ਸੁਵਿਧਾ ਮੁਫਤ ਮਿਲੇਗੀ। ਹੋਰ ਬੈਂਕਾਂ ਦੀ ਤਰ੍ਹਾਂ ਇਸ 'ਚ ਮਿਨੀਮਮ ਬੈਲੰਸ ਰੱਖਣਾ ਲਾਜ਼ਮੀ ਨਹੀਂ ਹੈ। ਖਾਤੇ ਦੀ ਤਿਮਾਹੀ ਸਟੇਟਮੈਂਟ ਵੀ ਮੁਫਤ ਮਿਲੇਗੀ। ਇਸ ਦੇ ਇਲਾਵਾ ਐੱਸ. ਐੱਮ. ਐੱਸ. ਜ਼ਰੀਏ ਵੀ ਮਿੰਨੀ ਸਟੇਟਮੈਂਟ ਮਿਲੇਗੀ। ਪੋਸਟ ਪੇਮੈਂਟ ਬੈਂਕ ਖਾਤੇ ਨੂੰ ਡਾਕਘਰ ਦੇ ਬਚਤ ਖਾਤੇ ਨਾਲ ਲਿੰਕ ਕੀਤਾ ਜਾ ਸਕਦਾ ਹੈ।