ਮਹਿੰਗਾਈ ਦੀ ਮਾਰ : ਤਿਉਹਾਰੀ ਸੀਜ਼ਨ ’ਚ ਵਿਗੜੇਗਾ ਰਸੋਈ ਦਾ ਬਜਟ, ਦਾਲਾਂ ਦੇ ਰੇਟ ’ਚ ਆਈ ਤੇਜ਼ੀ

10/04/2019 11:00:56 AM

ਨਵੀਂ ਦਿੱਲੀ — ਮੀਂਹ ਕਾਰਣ ਪਹਿਲਾਂ ਪਿਆਜ਼, ਲੱਸਣ, ਟਮਾਟਰ ਤੇ ਹਰੀਆਂ ਸਬਜ਼ੀਆਂ ਦੀ ਮਹਿੰਗਾਈ ਨੇ ਆਮ ਖਪਤਕਾਰਾਂ ਦੀ ਜੇਬ ਕੱਟੀ ਪਰ ਹੁਣ ਦਾਲਾਂ ਦੇ ਰੇਟ ਵਧਣ ਨਾਲ ਇਸ ਤਿਉਹਾਰੀ ਸੀਜ਼ਨ ’ਚ ਸੁਆਣੀਆਂ ਦੀ ਰਸੋਈ ਦਾ ਬਜਟ ਵਿਗੜ ਗਿਆ ਹੈ। ਬੀਤੇ ਇਕ ਹਫਤੇ ’ਚ ਦੇਸ਼ ਦੇ ਪ੍ਰਮੁੱਖ ਬਾਜ਼ਾਰਾਂ ’ਚ ਮਾਂਹ ਦੇ ਰੇਟ ’ਚ 450-850 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਹੋਇਆ ਹੈ। ਮਾਂਹ ਦੇ ਨਾਲ-ਨਾਲ ਮੂੰਗੀ, ਮਸਰ ਤੇ ਛੋਲਿਆਂ ਦੇ ਭਾਅ ’ਚ ਵੀ ਵਾਧਾ ਹੋਇਆ ਹੈ।

ਦਾਲ ਬਾਜ਼ਾਰ ਦੇ ਜਾਣਕਾਰਾਂ ਦੀ ਮੰਨੀਏ ਤਾਂ ਦਾਲਾਂ ਹੋਰ ਮਹਿੰਗੀਆਂ ਹੋਣਗੀਆਂ ਕਿਉਂਕਿ ਮੀਂਹ ਕਾਰਣ ਮੱਧ ਪ੍ਰਦੇਸ਼ ’ਚ ਮਾਹ ਦੀ ਫਸਲ ਨੂੰ ਭਾਰੀ ਨੁਕਸਾਨ ਹੋਇਆ ਹੈ। ਉਥੇ ਹੀ ਦਾਲਾਂ ਦੀ ਬੀਜਾਈ ਵੀ ਇਸ ਸਾਉਣੀ ਮੌਸਮ ’ਚ ਪਿਛਲੇ ਸਾਲ ਨਾਲੋਂ ਘੱਟ ਹੋਣ ਕਾਰਣ ਉਤਪਾਦਨ ਘੱਟ ਰਹਿਣ ਦਾ ਅੰਦਾਜ਼ਾ ਲਾਇਆ ਗਿਆ ਹੈ।

ਮੀਂਹ ਤੇ ਹੜ੍ਹ ਕਾਰਣ ਫਸਲਾਂ ਹੋਈਆਂ ਖਰਾਬ

ਦਾਲ ਬਾਜ਼ਾਰ ਦੇ ਜਾਣਕਾਰ ਮੁੰਬਈ ਦੇ ਅਮਿਤ ਸ਼ੁਕਲਾ ਨੇ ਦੱਸਿਆ ਕਿ ਮੰਗਲਵਾਰ ਨੂੰ ਬਾਜ਼ਾਰ ’ਚ ਇਕ ਅਫਵਾਹ ਸੀ ਕਿ ਸਰਕਾਰ ਦਾਲਾਂ ’ਤੇ ਸਟਾਕ ਲਿਮਿਟ (ਥੋਕ ਅਤੇ ਪ੍ਰਚੂਨ ਕਾਰੋਬਾਰੀਆਂ ਲਈ ਦਾਲਾਂ ਦੀ ਭੰਡਾਰਨ ਹੱਦ) ਲਾਉਣ ਵਾਲੀ ਹੈ, ਜਿਸ ਨਾਲ ਸਾਰੀਆਂ ਦਾਲਾਂ ਦੇ ਰੇਟਾਂ ’ਚ ਇਕ ਦਿਨੀਂ ਗਿਰਾਵਟ ਰਹੀ ਪਰ ਪਿਛਲੇ ਇਕ ਹਫਤੇ ਦੀ ਗੱਲ ਕਰੀਏ ਤਾਂ ਛੋਲੇ, ਮੂੰਗੀ ਤੇ ਮਸਰ ਦੇ ਰੇਟ ’ਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਮੀਂਹ ਅਤੇ ਹੜ੍ਹ ਕਾਰਣ ਫਸਲ ਖਰਾਬ ਹੋਣ ਅਤੇ ਪਿਛਲੇ ਸਾਲ ਨਾਲੋਂ ਦਾਲਾਂ ਹੇਠਲਾ ਰਕਬਾ ਘੱਟ ਹੋਣ ਕਾਰਣ ਅਰਹਰ ਅਤੇ ਮਟਰ ਨੂੰ ਛੱਡ ਕੇ ਬਾਕੀ ਸਾਰੀਆਂ ਦਾਲਾਂ ’ਤੇ ਤੇਜ਼ੀ ਦਾ ਰੁਖ ਹੈ ਅਤੇ ਇਹ ਤੇਜ਼ੀ ਅੱਗੇ ਵੀ ਜਾਰੀ ਰਹੀ ਤਾਂ ਮਟਰ ਅਤੇ ਅਰਹਰ ਦੇ ਰੇਟ ’ਚ ਵੀ ਵਾਧਾ ਦੇਖਣ ਨੂੰ ਮਿਲ ਸਕਦਾ ਹੈ।

ਇਹ ਰਹੀਆਂ ਮਾਂਹ ਦੀਆਂ ਕੀਮਤਾਂ

ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ’ਚ ਮਾਂਹ ਦੀ ਐੈੱਫ. ਏ. ਕਿਊ. ਵੈਰਾਇਟੀ ਦਾ ਥੋਕ ਰੇਟ 5450 ਰੁਪਏ ਪ੍ਰਤੀ ਕੁਇੰਟਲ ਸੀ, ਜੋ ਪਿਛਲੇ ਹਫਤੇ ਦੇ ਮੁਕਾਬਲੇ 550 ਰੁਪਏ ਜ਼ਿਆਦਾ ਹੈ। ਉਥੇ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ’ਚ ਐੈੱਫ. ਏ. ਕਿਊ. ਦਾ ਰੇਟ ਪਿਛਲੇ ਹਫਤੇ ਨਾਲੋਂ 450 ਰੁਪਏ ਉਪਰ 5400 ਰੁਪਏ ਪ੍ਰਤੀ ਕੁਇੰਟਲ ਸੀ। ਚੇਨਈ ’ਚ ਐੱਫ. ਏ. ਕਿਊ. ਮਾਂਹ ਦੇ ਰੇਟ 5650 ਰੁਪਏ ਅਤੇ ਐੈੱਸ. ਕਿਊ. ਵੈਰਾਇਟੀ ਦੇ ਮਾਂਹ ਦੇ ਰੇਟ 6775 ਰੁਪਏ ਪ੍ਰਤੀ ਕੁਇੰਟਲ ਸੀ। ਚੇਨਈ ’ਚ ਬੀਤੇ ਇਕ ਹਫਤੇ ’ਚ ਐੈੱਫ. ਏ. ਕਿਊ. ਅਤੇ ਐੈੱਸ. ਕਿਊ ਦਾ ਰੇਟ ਕ੍ਰਮਵਾਰ 600 ਅਤੇ 525 ਰੁਪਏ ਕੁਇੰਟਲ ਵਧਿਆ ਹੈ। ਕੋਲਕਾਤਾ ’ਚ ਐੈੱਫ. ਏ. ਕਿਊ. ਮਾਂਹ ਦਾ ਰੇਟ ਬੀਤੇ ਹਫਤੇ ’ਚ 850 ਰੁਪਏ ਵਧ ਕੇ 6200 ਰੁਪਏ ਕੁਇੰਟਲ ਹੋ ਗਿਆ।

ਮੂੰਗੀ ਦੇ ਰੇਟ ’ਚ 100-200 ਰੁਪਏ ਦਾ ਵਾਧਾ

ਮੂੰਗੀ ਦੇ ਰੇਟ ’ਚ ਵੀ ਵੱਖ-ਵੱਖ ਸ਼ਹਿਰਾਂ ’ਚ ਬੀਤੇ ਇਕ ਹਫਤੇ ਦੌਰਾਨ 100-200 ਰੁਪਏ ਦਾ ਵਾਧਾ ਦਰਜ ਕੀਤਾ ਗਿਆ। ਰਾਜਸਥਾਨ ਲਾਈਨ ਮੂੰਗੀ ਦੇ ਰੇਟ ਮੰਗਲਵਾਰ ਨੂੰ ਦਿੱਲੀ ’ਚ 6100 ਰੁਪਏ ਪ੍ਰਤੀ ਕੁਇੰਟਲ ਸੀ। ਦਿੱਲੀ ’ਚ ਬੀਤੇ ਇਕ ਹਫਤੇ ’ਚ ਮੂੰਗੀ ਦੇ ਰੇਟ ’ਚ 200 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਹੋਇਆ ਹੈ। ਉਥੇ ਛੋਲਿਆਂ ਦੇ ਰੇਟ ਬੀਤੇ ਹਫਤੇ ’ਚ ਦੇਸ਼ ਦੀਆਂ ਪ੍ਰਮੁੱਖ ਮੰਡੀਆਂ ’ਚ 25-100 ਰੁਪਏ ਪ੍ਰਤੀ ਕੁਇੰਟਲ ਵਧਿਆ ਹੈ। ਮੱਧ ਪ੍ਰਦੇਸ਼ ਦੇ ਗੰਜ ਬਸੋਦਾ ’ਚ ਦੇਸੀ ਛੋਲਿਆਂ ਦਾ ਰੇਟ ਪਿਛਲੇ ਹਫਤੇ ਦੇ ਮੁਕਾਬਲੇ 100 ਰੁਪਏ ਦੇ ਵਾਧੇ ਨਾਲ ਮੰਗਲਵਾਰ ਨੂੰ 4100 ਰੁਪਏ ਕੁਇੰਟਲ ਹੋ ਗਿਆ। ਉਥੇ ਹੀ ਦਿੱਲੀ ’ਚ ਰਾਜਸਥਾਨ ਲਾਈਨ ਛੋਲੇ 4325 ਅਤੇ ਮੱਧ ਪ੍ਰਦੇਸ਼ ’ਚ 4275 ਰੁਪਏ ਪ੍ਰਤੀ ਕੁਇੰਟਲ ਸੀ। ਮਸਰ ਦਾ ਰੇਟ ਵੀ ਬੀਤੇ ਇਕ ਹਫਤੇ ’ਚ ਜਗ੍ਹਾ-ਜਗ੍ਹਾ 50 ਰੁਪਏ ਕੁਇੰਟਲ ਵਧਿਆ ਹੈ। ਇੰਦੌਰ ’ਚ ਦੇਸੀ ਮਸਰ 4100 ਰੁਪਏ ਅਤੇ ਕੋਲਕਾਤਾ ’ਚ ਕੈਨੇਡਾ ਤੋਂ ਦਰਾਮਦ ਮਸਰ 4250 ਰੁਪਏ ਕੁਇੰਟਲ ਸੀ ਅਤੇ ਰੇਟ ’ਚ ਇਕ ਹਫਤੇ ’ਚ 50 ਰੁਪਏ ਦਾ ਵਾਧਾ ਦਰਜ ਕੀਤਾ ਗਿਆ। ਦਿੱਲੀ ’ਚ ਲੈਮਨ ਤੁਅਰ ਭਾਵ ਅਰਹਰ ਦਾ ਰੇਟ 5300 ਰੁਪਏ ਕੁਇੰਟਲ ਸੀ ਅਤੇ ਰੇਟ ’ਚ ਪਿਛਲੇ ਇਕ ਹਫਤੇ ’ਚ ਕੋਈ ਖਾਸ ਬਦਲਾਅ ਨਹੀਂ ਹੋਇਆ ਹੈ।


Related News