ਖੇਲੋ ਇੰਡੀਆ ਦੇ ਬਜਟ 'ਚ 312 ਕਰੋੜ ਦਾ ਵਾਧਾ, ਖਿਡਾਰੀਆਂ ਦੇ ਇਨਾਮ ਬਜਟ 'ਤੇ ਚੱਲੀ ਕੈਂਚੀ

02/01/2020 5:12:25 PM

ਨਵੀਂ ਦਿੱਲੀ — ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਾਲ 2020-21 ਦੇ ਕੇਂਦਰੀ ਬਜਟ ਵਿਚ ਨੌਜਵਾਨ ਮਾਮਲੇ ਅਤੇ ਖੇਡ ਮੰਤਰਾਲੇ ਲਈ ਅਲਾਟਮੈਂਟ ਵਿਚ ਖੇਲੋ ਇੰਡੀਆ ਯੂਥ ਖੇਡਾਂ ਦਾ ਬਜਟ 312.42 ਕਰੋੜ ਰੁਪਏ ਯਾਨੀ ਕਿ ਤਕਰੀਬਨ 54 ਫੀਸਦੀ ਵਧਾ ਕੇ 890 ਕਰੋੜ ਰੁਪਏ ਤੋਂ ਵੱਧ ਕਰ ਦਿੱਤਾ ਹੈ। ਸੀਤਾਰਮਨ ਨੇ ਸ਼ਨੀਵਾਰ ਨੂੰ ਆਮ ਬਜਟ ਪੇਸ਼ ਕੀਤਾ ਜਿਸ ਵਿਚ ਖੇਡ ਮੰਤਰਾਲੇ ਨੂੰ 2826.92 ਕਰੋੜ ਰੁਪਏ ਅਲਾਟ ਕੀਤੇ ਗਏ ਹਨ, ਜਦੋਂਕਿ ਸਾਲ 2019- 20 ਦੇ ਸੋਧੇ ਹੋਏ ਬਜਟ ਵਿਚ ਇਹ ਅਲਾਟਮੈਂਟ 2776.92 ਕਰੋੜ ਸੀ। ਸਾਲ 2019-20 ਵਿਚ ਖੇਲੋ ਭਾਰਤ ਲਈ ਸਾਲਾਨਾ ਅਲਾਟਮੈਂਟ 578 ਕਰੋੜ ਰੁਪਏ ਸੀ, ਜੋ ਇਸ ਸਾਲ ਵਧਾ ਕੇ 890.42 ਕਰੋੜ ਰੁਪਏ ਕਰ ਦਿੱਤੀ ਗਈ ਹੈ। 

ਸਾਲ 2018 'ਚ ਅੰਡਰ-17 ਸਕੂਲ ਅਤੇ ਅੰਡਰ-21 ਕਾਲਜ ਵਿਦਿਆਰਥੀਆਂ ਲਈ ਸ਼ੁਰੂ ਕੀਤੀਆਂ ਗਈਆਂ ਇਨ੍ਹਾਂ ਖੇਡਾਂ ਦਾ ਤੀਜਾ ਸੈਸ਼ਨ ਹੁਣੇ ਜਿਹੇ ਗੁਹਾਟੀ ਵਿਚ ਸਮਾਪਤ ਹੋਇਆ। ਇਸ ਦੇ ਨਾਲ ਹੀ ਪਿਛਲੇ ਸਾਲ 2020 -21 ਲਈ ਖਿਡਾਰੀਆਂ ਨੂੰ ਪ੍ਰੋਤਸਾਹਨ ਅਤੇ ਇਨਾਮ ਦੀ ਰਾਸ਼ੀ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਘੱਟ ਕਰ ਦਿੱਤੀ ਹੈ। ਨਵੇਂ ਵਿੱਤੀ ਸਾਲ ਵਿਚ ਇਸ ਮਦ ਦੇ ਤਹਿਤ ਅਲਾਟਮੈਂਟ 372 ਕਰੋੜ ਰੁਪਏ ਹੈ। ਸਾਲ 2019-20 ਵਿਚ ਇਸ ਮਦ ਹੇਠ 496 ਕਰੋੜ ਰੁਪਏ ਅਲਾਟ ਕੀਤੇ ਗਏ ਸਨ। ਵਿੱਤ ਮੰਤਰੀ ਨੇ ਚਾਲੂ ਵਿੱਤੀ ਵਰ੍ਹੇ ਵਿਚ ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਦੇ ਬਜਟ ਅਲਾਟਮੈਂਟ ਨੂੰ 615 ਕਰੋੜ ਰੁਪਏ ਤੋਂ ਘਟਾ ਕੇ 500 ਕਰੋੜ ਰੁਪਏ ਕਰ ਦਿੱਤਾ ਹੈ। 'ਸਾਈ' ਦੇਸ਼ ਦੇ ਖਿਡਾਰੀਆਂ ਲਈ ਰਾਸ਼ਟਰੀ ਕੈਂਪਾਂ, ਬੁਨਿਆਦੀ ਢਾਂਚੇ, ਉਪਕਰਣਾਂ ਅਤੇ ਹੋਰ ਲੋਜਿਸਟਿਕ ਦਾ ਪ੍ਰਬੰਧ ਕਰਦਾ ਹੈ।