ਖਾਦੀ ਇੰਡੀਆ ਦੇ ਕਨਾਟ ਪਲੇਸ ਸਟੋਰ ਨੇ ਕੀਤੀ 1.27 ਕਰੋੜ ਰੁਪਏ ਦੀ ਰਿਕਾਰਡ ਤੋੜ ਵਿਕਰੀ

10/04/2019 3:17:59 PM

 

ਨਵੀਂ ਦਿੱਲੀ — ਖਾਦੀ ਇੰਡੀਆ ਦੇ ਰਾਜਧਾਨੀ ਸਥਿਤ ਕਨਾਟ ਪਲੇਸ ਦੇ ਪ੍ਰਮੁੱਖ ਸਟੋਰ ਨੇ ਦੋ ਅਕਤੂਬਰ ਯਾਨੀ ਕਿ ਗਾਂਧੀ ਜੈਯੰਤੀ ਦੇ ਦਿਨ 1.27 ਕਰੋੜ ਰੁਪਏ ਦੀ ਰਿਕਾਰਡ ਤੋੜ ਵਿਕਰੀ ਕੀਤੀ ਹੈ। ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੇ ਖਾਦੀ ਨੂੰ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਦਾ ਇਕ ਮਹੱਤਵਪੂਰਨ ਹਿੱਸਾ ਬਣਾਇਆ ਸੀ। ਇਸ ਤੋਂ ਪਹਿਲਾਂ ਪਿਛਲੇ ਸਾਲ 13 ਅਕਤੂਬਰ ਨੂੰ ਇਸ ਸਟੋਰ ਨੇ ਇਕ ਦਿਨ 'ਚ ਸਭ ਤੋਂ ਜ਼ਿਆਦਾ 1.25 ਕਰੋੜ ਰੁਪਏ ਦੀ ਵਿਕਰੀ ਦਾ ਅੰਕੜਾ ਹਾਸਲ ਕੀਤਾ ਸੀ। 

ਖਾਦੀ ਅਤੇ ਗ੍ਰਾਮ ਉਦਯੋਗ(KVIC) ਨੇ ਬਿਆਨ 'ਚ ਕਿਹਾ ਕਿ ਖਾਦੀ ਇੰਡੀਆ ਦੇ ਕਨਾਟ ਪੈਲੇਸ ਪ੍ਰਮੁੱਖ ਸਟੋਰ ਨੇ 2 ਅਕਤੂਬਰ ਨੂੰ ਇਕ ਦਿਨ 'ਚ 1.27 ਕਰੋੜ ਦੀ ਵਿਕਰੀ ਦਾ ਰਿਕਾਰਡ ਬਣਾਇਆ ਹੈ। ਕੇ.ਵੀ.ਆਈ.ਸੀ. ਨੇ ਕਿਹਾ ਕਿ ਕਨਾਟ ਪਲੇਸ ਸਥਿਤ ਖਾਦੀ ਦੇ ਵਿਕਰੀ ਕੇਂਦਰ 'ਚ ਬੁੱਧਵਾਰ ਨੂੰ 16,870 ਖਾਦੀ ਪ੍ਰੇਮੀ ਆਏ। ਇਸ ਦਿਨ ਕੁੱਲ 2,720 ਬਿੱਲ ਜਾਰੀ ਕੀਤੇ ਗਏ। ਬਿਆਨ 'ਚ ਕਿਹਾ ਗਿਆ ਹੈ ਕਿ ਕੁੱਲ 127.57 ਲੱਖ ਰੁਪਏ ਦੀ ਵਿਕਰੀ 'ਚ ਖਾਦੀ ਉਤਪਾਦਾਂ ਦਾ ਹਿੱਸਾ 114.11 ਲੱਖ ਰੁਪਏ ਅਤੇ ਗ੍ਰਾਮ ਉਦਯੋਗ ਦਾ ਹਿੱਸਾ 13.46 ਲੱਖ ਰੁਪਏ ਰਿਹਾ।