ਐਮਾਜ਼ੋਨ ਅਤੇ ਫਲਿੱਪਕਾਰਟ ਦੇ ਬਿਆਨ 'ਤੇ ਭੜਕਿਆ CAIT, ਦਿੱਤਾ ਦੋ-ਟੁੱਕ ਜਵਾਬ

02/04/2020 2:04:12 PM

ਨਵੀਂ ਦਿੱਲੀ — ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ (ਸੀਏਟੀ) ਨੇ ਐਮਾਜ਼ੋਨ ਅਤੇ ਫਲਿੱਪਕਾਰਟ ਦੇ ਉਸ ਬਿਆਨ ਦਾ ਮਜ਼ਾਕ ਉਡਾਇਆ ਹੈ ਜਿਸ ਵਿਚ ਉਨ੍ਹਾਂ ਨੇ ਕਿਹਾ ਹੈ ਕਿ ਉਹ ਹਾਲ ਹੀ ਦੇ ਪੇਸ਼ ਹੋਏ ਕੇਂਦਰੀ ਬਜਟ ਦੀਆਂ ਵਿਵਸਥਾਵਾਂ ਦਾ ਅਧਿਐਨ ਕਰਨਗੇ ਅਤੇ ਸਰਕਾਰ ਨੂੰ ਦੱਸਣਗੇ ਕਿ ਕਿਸ ਤਰ੍ਹਾਂ ਨਾਲ ਦੇਸ਼ ਦੇ ਛੋਟੇ ਵਪਾਰੀਆਂ ਨੂੰ ਦੇਸ਼ ਦੀ ਅਰਥਵਿਵਸਥਾ ਦੇ ਵਾਧੇ 'ਚ ਹੋਰ ਬਿਹਤਰ ਤਰੀਕੇ ਨਾਲ ਕਿਵੇਂ ਜੋੜਿਆ ਜਾ ਸਕਦਾ ਹੈ। ਕੈਟ ਨੇ ਕਿਹਾ ਕਿ ਐਮਾਜ਼ੋਨ ਅਤੇ ਫਲਿੱਪਕਾਰਟ ਦਾ ਇਹ ਬਿਆਨ ਪਿਛਲੇ ਦਿਨੀਂ ਸਰਕਾਰ ਦੁਆਰਾ ਅਪਣਾਏ ਗਏ ਸਖ਼ਤ ਰਵੱਈਏ ਦੇ ਮੱਦੇਨਜ਼ਰ ਸਿਰਫ ਇਕ ਲੀਪਾਪੋਤੀ ਹੈ। 'ਸੀਏਟੀ' ਨੇ ਐਮਾਜ਼ੋਨ ਅਤੇ ਫਲਿੱਪਕਾਰਟ 'ਤੇ ਦੇਸ਼ ਦੇ ਵਪਾਰੀਆਂ ਨੂੰ ਛੋਟੇ ਵਪਾਰੀ ਕਹਿਣ 'ਤੇ ਸਖਤ ਇਤਰਾਜ਼ ਜ਼ਾਹਰ ਕੀਤਾ ਹੈ ਅਤੇ ਕਿਹਾ ਹੈ ਕਿ ਜਿੰਨਾ ਵੱਡਾ ਉਨ੍ਹਾਂ ਦਾ ਕਾਰੋਬਾਰ ਨਹੀਂ ਹੈ ਉਸ ਤੋਂ ਵੱਧ ਦਾ ਯੋਗਦਾਨ ਦੇਸ਼ ਭਰ ਦੇ ਵਪਾਰੀ ਪਹਿਲਾਂ ਤੋਂ ਹੀ ਭਾਰਤ ਦੀ ਆਰਥਿਕਤਾ ਵਿਚ ਕਰ ਰਹੇ ਹਨ। ਇਨ੍ਹਾਂ ਕੰਪਨੀਆਂ ਨੂੰ ਆਪਣੇ ਆਪ ਨੂੰ ਵੱਡਾ ਸਮਝਣ ਦੇ ਭੁਲੇਖੇ ਨੂੰ ਜਲਦੀ ਤੋਂ ਜਲਦੀ ਦੂਰ ਕਰ ਲੈਣਾ ਚਾਹੀਦਾ ਹੈ।

ਕੰਪਨੀਆਂ ਨੇ ਦੇਸ਼ ਦੇ ਕਰੋੜਾਂ ਵਪਾਰੀਆਂ ਦੇ ਵਪਾਰ ਨੂੰ ਕੀਤਾ ਖਤਮ

ਕੈਟ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਬੀ.ਸੀ. ਭਰਤੀਆ ਅਤੇ ਰਾਸ਼ਟਰੀ ਜਨਰਲ ਸਕੱਤਰ ਸ਼੍ਰੀ ਪ੍ਰਵੀਨ ਖੰਡੇਲਵਾਲ ਨੇ ਇਨ੍ਹਾਂ ਦੋਵਾਂ ਕੰਪਨੀਆਂ ਦੇ ਬਿਆਨ 'ਤੇ ਹੈਰਾਨੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਦੋਵੇਂ ਕੰਪਨੀਆਂ ਜਿਨ੍ਹਾਂ ਨੇ ਕਦੇ ਵੀ ਦੇਸ਼ ਦੇ ਕਾਨੂੰਨ ਅਤੇ ਐਫ.ਡੀ.ਆਈ. ਪਾਲਸੀ ਦੀ ਪਾਲਣਾ ਨਹੀਂ ਕੀਤੀ ਅਤੇ ਆਪਣੇ ਗੈਰ-ਸਿਹਤਮੰਦ ਕਾਰੋਬਾਰੀ ਮਾਡਲ ਜ਼ਰੀਏ ਦੇਸ਼ ਦੇ ਕਰੋੜਾਂ ਵਪਾਰੀਆਂ ਦੇ ਵਪਾਰ ਨੂੰ ਖਤਮ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡੀ, ਉਹ ਕਿਹੜੇ ਮੂੰਹੋਂ ਵਪਾਰੀਆਂ ਦੇ ਸ਼ੁੱਭਚਿੰਤਕ ਬਣਨ ਦੀ  ਕੋਸ਼ਿਸ਼ ਕਰ ਰਹੇ ਹਨ!        

ਕੰਪਨੀਆਂ ਨੂੰ ਭਾਰਤ ਛੱਡਣ ਲਈ ਕਰਨਗੇ ਮਜਬੂਰ - ਸੀਏਟੀ

ਦੇਸ਼ ਦੇ ਕਾਰੋਬਾਰੀਆਂ ਨੂੰ ਆਪਣੇ ਕਾਰੋਬਾਰ ਚਲਾਉਣ ਲਈ ਇਨ੍ਹਾਂ ਕੰਪਨੀਆਂ ਦੇ ਸਹਿਯੋਗ ਦੀ ਜ਼ਰੂਰਤ ਨਹੀਂ ਹੈ। ਅਸੀਂ ਆਪਣੇ ਆਪ 'ਚ ਸਮਰੱਥ ਹਾਂ ਅਤੇ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰ ਸਕਦੇ ਹਾਂ! ਜੇਕਰ ਇਨ੍ਹਾਂ ਕੰਪਨੀਆਂ ਨੇ ਭਾਰਤ ਵਿਚ ਕਾਰੋਬਾਰ ਕਰਨਾ ਹੈ ਤਾਂ ਦੇਸ਼ ਦੇ ਕਾਨੂੰਨ ਅਤੇ ਸਰਕਾਰ ਦੀ ਐਫਡੀਆਈ ਪਾਲਸੀ ਦੀ ਪਾਲਣਾ ਕਰਨ ਨਹੀਂ ਤਾਂ ਦੇਸ਼ ਦੇ 7 ਕਰੋੜ ਵਪਾਰੀ ਇਨ੍ਹਾਂ ਨੂੰ ਭਾਰਤ ਛੱਡਣ ਲਈ ਮਜਬੂਰ ਕਰ ਦੇਣਗੇ। 

ਸ੍ਰੀ ਭਾਰਤੀਆ ਅਤੇ ਸ੍ਰੀ ਖੰਡੇਲਵਾਲ ਨੇ ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਵਲੋਂ ਬਜਟ ਵਿਚ ਈ-ਕਾਮਰਸ ਪਲੇਟਫਾਰਮ 'ਤੇ ਹੋ ਰਹੇ ਲੈਣ-ਦੇਣ 'ਤੇ ਇਕ ਫੀਸਦੀ ਦਾ ਟੀਡੀਐਸ ਲਗਾਉਣ ਦਾ ਸਵਾਗਤ ਕਰਦੇ ਹਏ ਕਿਹਾ ਕਿ ਇਸ ਨਾਲ ਕਿਸੇ ਹੱਦ ਤੱਕ ਇਨ੍ਹਾਂ ਕੰਪਨੀਆਂ ਵਲੋਂ ਆਪਣੇ ਪੋਰਟਲ 'ਤੇ ਹੋ ਰਹੇ ਵਪਾਰ ਨੂੰ ਕਾਬੂ ਕਰਨ 'ਤੇ ਲਗਾਮ ਲੱਗੇਗੀ।

ਇਨ੍ਹਾਂ ਕੰਪਨੀਆਂ ਦੇ ਝੂਠ ਦਾ ਹੋਵੇਗਾ ਪਰਦਾਫਾਸ਼

ਸ੍ਰੀ ਭਰਤੀਆ ਅਤੇ ਸ੍ਰੀ ਖੰਡੇਲਵਾਲ ਨੇ ਕਿਹਾ ਕਿ ਦੇਸ਼ ਦੇ ਵਪਾਰੀਆਂ ਨੂੰ ਈ-ਕਾਮਰਸ ਨਾਲ ਜੋੜਨ 'ਚ ਇਨ੍ਹਾਂ ਕੰਪਨੀਆਂ ਦੇ ਕਥਿਤ ਬਿਆਨ 'ਚ ਕੋਈ ਦਮ ਨਹੀਂ ਹੈ। ਜੇਕਰ ਇਹ ਕੰਪਨੀਆਂ ਸੱਚਮੁੱਚ ਹੀ ਵਪਾਰੀਆਂ ਨੂੰ ਉਤਸ਼ਾਹਤ ਕਰਨਾ ਚਾਹੁੰਦੀਆਂ ਹਨ, ਤਾਂ ਉਹ ਇਹ ਦੱਸਣ ਕਿ ਪਿਛਲੇ ਪੰਜ ਸਾਲਾਂ ਵਿਚ ਜਿਹੜੇ ਵਪਾਰੀ ਇਨ੍ਹਾਂ ਦੇ ਪੋਰਟਲ ਤੇ ਵਿਕਰੇਤਾ ਵਜੋਂ ਰਜਿਸਟਰਡ ਹਨ ਉਨ੍ਹਾਂ ਵਪਾਰੀਆਂ ਦੇ ਕਾਰੋਬਾਰ ਨੂੰ ਅੱਗੇ ਵਧਾਉਣ ਲਈ ਇਨ੍ਹਾਂ ਕੰਪਨੀਆਂ ਨੇ ਕਿਹੜੇ ਕਦਮ ਚੁੱਕੇ? ਕਿੰਨੇ ਵਪਾਰੀਆਂ ਦੇ ਕਾਰੋਬਾਰ ਨੂੰ ਹੁਣ ਤੱਕ ਅੱਗੇ ਵਧਾ ਸਕੇ ਹਨ? ਦੇਸ਼ ਦੇ ਵਪਾਰੀ ਇਨ੍ਹਾਂ ਕੰਪਨੀਆਂ ਦੇ ਇਸ ਝੂਠ ਦਾ ਪਰਦਾਫਾਸ਼ ਕਰਨਗੇ!
ਦੋਵੇਂ ਕਾਰੋਬਾਰੀ ਨੇਤਾਵਾਂ ਨੇ ਕਿਹਾ ਕਿ 'ਸੀਏਟੀ' ਨੇ ਦੇਸ਼ ਦੇ 7 ਕਰੋੜ ਵਪਾਰੀਆਂ ਨੂੰ ਈ-ਕਾਮਰਸ ਕਾਰੋਬਾਰ ਨਾਲ ਜੋੜਨ ਦੀ ਮੁਹਿੰਮ 1 ਸਤੰਬਰ ਤੋਂ ਸ਼ੁਰੂ ਕੀਤੀ ਹੈ, ਜਿਸ ਦੇ ਤਹਿਤ ਸੀਏਟੀ ਨੇ ਮੱਧ ਪ੍ਰਦੇਸ਼ ਵਿਚ ਵੀ ਆਪਣਾ ਪਾਇਲਟ ਸਫਲਤਾਪੂਰਵਕ ਪੂਰਾ ਕੀਤਾ ਹੈ ਅਤੇ ਹੁਣ 1 ਅਪ੍ਰੈਲ ਤੋਂ ਇਸ ਮੁਹਿੰਮ ਨੂੰ ਪੂਰੇ ਦੇਸ਼ ਭਰ ਵਿਚ ਲਾਂਚ ਕੀਤਾ ਜਾਵੇਗਾ। ਇਸ ਲਈ ਹੁਣ ਐਮਾਜ਼ੋਨ ਜਾਂ ਫਲਿੱਪਕਾਰਟ ਨੂੰ ਵਪਾਰੀਆਂ ਨੂੰ ਈ-ਕਾਮਰਸ ਨਾਲ ਜੋੜਨ ਬਾਰੇ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਅਤੇ ਜੇ ਸਰਕਾਰ ਨੇ ਉਨ੍ਹਾਂ ਨਾਲ ਇਸ ਬਾਰੇ ਗੱਲ ਕਰਨੀ ਹੈ, ਤਾਂ 'ਸੀਏਟੀ' ਸਰਕਾਰ ਨਾਲ ਸਿੱਧੀ ਗੱਲ ਕਰੇਗੀ ਕਿਉਂਕਿ ਸਰਕਾਰ ਸਾਡੀ ਗੱਲ ਸੁਣਦੀ ਹੈ ਅਤੇ ਇਸ 'ਤੇ  ਕਾਰਵਾਈ ਵੀ ਕਰਦੀ ਹੈ। ਸਾਨੂੰ ਕਿਸੇ ਵੀ ਵਿਚੋਲੇ ਦੀ ਲੋੜ ਨਹੀਂ!