'ਕਾਸ਼ੀ ਮਹਾਕਾਲ' ਵਿਚ ਸਫਰ ਕਰ ਭੁੱਲ ਜਾਓਗੇ ਹੋਰ ਟਰੇਨਾਂ, ਜਾਣੋ ਸਹੂਲਤਾਂ

02/20/2020 11:31:12 AM

ਨਵੀਂ ਦਿੱਲੀ— ਭਾਰਤੀ ਰੇਲਵੇ ਕੈਟਰਿੰਗ ਤੇ ਟੂਰਿਜ਼ਮ ਕਾਰਪੋਰੇਸ਼ਨ (ਆਈ. ਆਰ. ਸੀ. ਟੀ. ਸੀ.) ਦੀ ਰੇਲਗੱਡੀ 'ਕਾਸ਼ੀ ਮਹਾਕਾਲ ਐਕਸਪ੍ਰੈੱਸ' ਵਿਚ ਤੁਸੀਂ ਅੱਜ ਤੋਂ ਸਫਰ ਕਰ ਸਕੋਗੇ। ਇਹ ਰੇਲਗੱਡੀ ਵਾਰਾਣਸੀ ਤੇ ਇਦੌਰ ਵਿਚਕਾਰ ਦੌੜੇਗੀ। ਇਸ ਨਵੀਂ ਪ੍ਰਾਈਵੇਟ ਰੇਲਗੱਡੀ 'ਚ ਸਫਰ ਕਰਨ ਵਾਲੇ ਯਾਤਰੀ ਤਿੰਨ ਮਹੱਤਵਪੂਰਨ ਅਸਥਾਨਾਂ- ਇੰਦੌਰ ਨੇੜੇ ਸ਼੍ਰੀ ਓਮਕਾਰੇਸ਼ਵਰ ਜੋਤਿਰਲਿੰਗਾ, ਉਜੈਨ ਦੇ ਮਹਾਕਾਲੇਸ਼ਵਰ ਅਤੇ ਵਾਰਾਣਸੀ ਵਿਚ ਕਾਸ਼ੀ ਵਿਸ਼ਵਨਾਥ ਦੇ ਦਰਸ਼ਨ ਲਈ ਵੀ ਟਿਕਟ ਬੁੱਕ ਕਰਵਾ ਸਕਦੇ ਹਨ।
 


ਇਸ ਰੇਲਗੱਡੀ ਵਿਚ ਸੀਟ ਦੀ ਬੁਕਿੰਗ ਤੁਸੀਂ http://irctc.co.in/ ਜਾਂ ਰੇਲ ਕੁਨੈਕਟ ਐਪ 'ਤੇ ਕਰ ਸਕਦੇ ਹੋ। ਦੋ ਪ੍ਰੀਮੀਅਮ ਤੇਜਸ ਐਕਸਪ੍ਰੈੱਸ ਟਰੇਨਾਂ ਦੇ ਸਫਲ ਓਪਰੇਸ਼ਨ ਤੋਂ ਬਾਅਦ ਆਈ. ਆਰ. ਸੀ. ਟੀ. ਸੀ. ਦੀ ਇਹ ਤੀਜੀ ਕਾਰਪੋਰੇਟ ਰੇਲਗੱਡੀ ਹੈ। ਭਾਰਤੀ ਰੇਲਵੇ ਕੈਟਰਿੰਗ ਤੇ ਟੂਰਿਜ਼ਮ ਕਾਰਪੋਰੇਸ਼ਨ ਨੇ ► 'ਕਾਸ਼ੀ ਮਹਾਕਾਲ ਐਕਸਪ੍ਰੈੱਸ' ਵਿਚ ਲੋਕਾਂ ਲਈ ਬਿਹਤਰ ਸਹੂਲਤਾਂ ਦਾ ਬੰਦੋਬਸਤ ਕੀਤਾ ਹੈ। ਇਹ ਹਫਤੇ ਵਿਚ ਤਿੰਨ ਦਿਨ ਵਾਰਾਣਸੀ ਅਤੇ ਇੰਦੌਰ ਵਿਚਕਾਰ ਚੱਲਣ ਵਾਲੀ AC ਰੇਲਗੱਡੀ ਹੈ।
ਇਸ ਵਿਚ ਸਫਰ ਦੌਰਾਨ ਮੁਸਾਫਰਾਂ ਨੂੰ ਉੱਚ ਗੁਣਵੱਤਾ ਵਾਲਾ ਸ਼ਾਕਾਹਾਰੀ ਭੋਜਨ, ਸਾਫ-ਸੁਥਰਾ ਬਿਸਤਰਾ ਤੇ ਹਾਊਸਕੀਪਿੰਗ ਸੇਵਾਵਾਂ ਅਤੇ ਯਾਤਰਾ ਦੌਰਾਨ ਪੂਰੀ ਸਕਿਓਰਿਟੀ ਦਿੱਤੀ ਜਾਵੇਗੀ। ਇਸ ਵਿਚ ਸਫਰ ਦੌਰਾਨ 10 ਲੱਖ ਰੁਪਏ ਤੱਕ ਦਾ ਯਾਤਰਾ ਬੀਮਾ ਕਵਰ ਵੀ ਮਿਲੇਗਾ।

ਵਾਰਾਣਸੀ-ਇੰਦੌਰ 'ਕਾਸ਼ੀ ਮਹਾਕਾਲ ਐਕਸਪ੍ਰੈੱਸ' ਵਾਰਾਣਸੀ ਤੋਂ ਹਰ ਮੰਗਲਵਾਰ ਤੇ ਵੀਰਵਾਰ ਨੂੰ ਦੁਪਹਿਰ 2.45 ਵਜੇ ਰਵਾਨਾ ਹੋਵੇਗੀ ਅਤੇ ਬੁੱਧਵਾਰ ਤੇ ਸ਼ੁੱਕਰਵਾਰ ਸਵੇਰੇ 9.40 ਵਜੇ ਇੰਦੌਰ ਪਹੁੰਚੇਗੀ। ਪ੍ਰਯਾਗਰਾਜ ਰਸਤੇ ਰਾਹੀਂ ਵਾਰਾਣਸੀ ਤੋਂ ਹਰ ਐਤਵਾਰ ਦੁਪਹਿਰ 3.15 ਵਜੇ ਚੱਲੇਗੀ ਤੇ ਅਗਲੇ ਦਿਨ ਸਵੇਰੇ 9.40 ਵਜੇ ਇੰਦੌਰ ਪਹੁੰਚੇਗੀ। ਇਹ ਰੇਲਗੱਡੀ ਵਾਰਾਣਸੀ ਅਤੇ ਇੰਦੌਰ ਵਿਚਕਾਰ ਲਖਨਊ ਰਾਹੀਂ 1,131 ਕਿਲੋਮੀਟਰ ਅਤੇ ਪ੍ਰਯਾਗਰਾਜ ਰਸਤਿਓਂ ਵਾਰਾਣਸੀ ਤੇ ਇੰਦੌਰ ਵਿਚਕਾਰ 1,102 ਕਿਲੋਮੀਟਰ ਦੀ ਦੂਰੀ ਲਗਭਗ 19 ਘੰਟਿਆਂ ਵਿਚ ਪੂਰਾ ਕਰੇਗੀ।