ਜਾਨਸਨ ਬੇਬੀ ਸ਼ੈਂਪੂ ਤੋਂ ਕੈਂਸਰ ਦਾ ਖਤਰਾ, ਭਾਰਤ ''ਚ ਫੇਲ੍ਹ ਹੋਏ ਸੈਂਪਲ!

04/01/2019 12:50:44 PM

ਨਵੀਂ ਦਿੱਲੀ— ਅਮਰੀਕਾ ਦੀ ਸਿਹਤ ਸੇਵਾ ਦੀ ਦਿੱਗਜ ਕੰਪਨੀ ਜਾਨਸਨ ਐਂਡ ਜਾਨਸਨ ਇਕ ਵਾਰ ਫਿਰ ਭਾਰਤ 'ਚ ਰੈਗੂਲੇਟਰਾਂ ਦੇ ਨਿਸ਼ਾਨੇ 'ਤੇ ਆ ਗਈ ਹੈ। ਕੰਪਨੀ ਦਾ ਪ੍ਰਸਿੱਧ 'ਬੇਬੀ ਸ਼ੈਂਪੂ' ਗੁਣਵੱਤਾ 'ਚ ਖਰ੍ਹਾ ਨਹੀਂ ਉਤਰਿਆ ਹੈ। ਰਾਜਸਥਾਨ ਦੀ ਡਰੱਗਜ਼ ਕੰਟਰੋਲ ਸੰਸਥਾ ਨੇ ਇਸ ਦੀ ਜਾਂਚ ਕੀਤੀ ਸੀ। ਇਕ ਰਿਪੋਰਟ ਮੁਤਾਬਕ, ਜਾਂਚ ਦੌਰਾਨ ਇਸ ਸ਼ੈਂਪੂ 'ਚ ਫਾਰਮੇਡੀਹਾਈਡ ਦੀ ਮੌਜੂਦਗੀ ਦਾ ਪਤਾ ਲੱਗਾ ਹੈ, ਜਿਸ ਕਾਰਨ ਕੈਂਸਰ ਹੋਣ ਦਾ ਖਤਰਾ ਹੋ ਸਕਦਾ ਹੈ।

 

ਇਸ ਰਸਾਇਣ ਨੂੰ ਕੈਂਸਰ ਰਿਸਰਚ ਕੌਮਾਂਤਰੀ ਏਜੰਸੀ (ਆਈ. ਏ. ਆਰ. ਸੀ.) ਮੁਨੱਖ ਲਈ ਖਤਰਨਾਕ ਕਰਾਰ ਦਿੰਦੀ ਹੈ। 2011 'ਚ ਫੋਰਬਸ ਪੱਤਰਿਕਾ 'ਚ ਪ੍ਰਕਾਸ਼ਤ ਇਕ ਰਿਪੋਰਟ ਮੁਤਾਬਕ, ਅਮਰੀਕੀ ਸਿਹਤ ਤੇ ਮਨੁੱਖੀ ਸੇਵਾ ਵਿਭਾਗ ਨੇ ਜੂਨ 2011 'ਚ ਮਨੁੱਖੀ ਕੈਂਸਰਾਂ ਦੀ ਸੂਚੀ 'ਚ ਫਾਰਮੇਡੀਹਾਈਡ ਨੂੰ ਸ਼ਾਮਲ ਕੀਤਾ ਸੀ। ਸਾਲ 2014 'ਚ ਖਪਤਕਾਰਾਂ ਦੇ ਵਿਰੋਧ ਕਾਰਨ ਜਾਨਸਨ ਐਂਡ ਜਾਨਸਨ ਨੇ ਇਸ ਹਾਨੀਕਾਰਕ ਰਸਾਇਣ ਫਾਰਮੇਡੀਹਾਈਡ ਨੂੰ ਹਟਾਉਣ ਦਾ ਦਾਅਵਾ ਕੀਤਾ ਸੀ।

 

ਰਿਪੋਰਟਾਂ ਮੁਤਾਬਕ, ਡਰੱਗਜ਼ ਕੰਟਰੋਲ ਸੰਸਥਾ ਨੇ ਜਾਨਸਨ ਬੇਬੀ ਸ਼ੈਂਪੂ ਦੇ ਕੁਝ ਨਮੂਨਿਆਂ ਨੂੰ ਗੁਣਵੱਤਾ ਦੇ ਮਾਮਲੇ 'ਚ ਫੇਲ੍ਹ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਪ੍ਰਾਡਕਟ 'ਚ ਹਾਨੀਕਾਰਕ ਤੱਤ ਹਨ। ਇਕ ਰਿਪੋਰਟ ਮੁਤਾਬਕ, ਨਮੂਨਿਆਂ (ਸੈਂਪਲ) ਦੀ ਜਾਂਚ 16 ਤੋਂ 28 ਫਰਵਰੀ ਵਿਚਕਾਰ ਹੋਈ ਸੀ।

ਕੰਪਨੀ ਨੂੰ ਦੇਣਾ ਹੋਵੇਗਾ ਜਵਾਬ
ਰਾਜਸਥਾਨ ਡਰੱਗਜ਼ ਕੰਟਰੋਲ ਸੰਸਥਾ ਦੇ ਇਕ ਅਧਿਕਾਰੀ ਨੇ ਕਿਹਾ ਕਿ ਗੁਣਵੱਤਾ ਦੀ ਜਾਂਚ 'ਚ ਕੰਪਨੀ ਦੇ ਨਮੂਨੇ ਫੇਲ੍ਹ ਹੋਏ ਹਨ। ਕੰਪਨੀ ਨੂੰ ਜਵਾਬ ਦੇਣਾ ਹੋਵੇਗਾ, ਜਿਸ ਦੇ ਬਾਅਦ ਡਰੱਗਜ਼ ਤੇ ਕੌਸਮੈਟਿਕਸ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉੱਥੇ ਹੀ, ਕੰਪਨੀ ਨੇ ਕਿਹਾ ਕਿ ਜਾਨਸਨ ਐਂਡ ਜਾਨਸਨ ਦੇ ਪ੍ਰਾਡਕਟਸ ਸੁਰੱਖਿਅਤ ਹਨ। ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਸਰਕਾਰ ਨੇ ਟੈਸਟ ਦੇ ਤਰੀਕਿਆਂ, ਵੇਰਵਿਆਂ ਜਾਂ ਕਿਸੇ ਵੀ ਹੋਰ ਨਤੀਜੇ ਦਾ ਖੁਲਾਸਾ ਨਹੀਂ ਕੀਤਾ ਹੈ। ਇਸ ਲਈ ਇਸ 'ਤੇ ਸਵਾਲ ਨਹੀਂ ਚੁੱਕੇ ਜਾ ਸਕਦੇ। ਉਨ੍ਹਾਂ ਕਿਹਾ ਕੰਪਨੀ ਨੇ ਨਮੂਨੇ ਦੁਬਾਰਾ ਜਾਂਚ ਲਈ ਭੇਜੇ ਹਨ।