johnson & johnson ਬੇਬੀ ਪਾਊਡਰ ਦੀ ਭਾਰਤ ਵਿਚ ਹੋ ਸਕਦੀ ਹੈ ਜਾਂਚ

07/17/2018 4:45:58 PM

ਨਵੀਂ ਦਿੱਲੀ — ਜੇਕਰ ਤੁਸੀਂ ਵੀ johnson & johnson ਬੱਚਿਆਂ ਦੇ ਪਾਊਡਰ ਦਾ ਇਸਤੇਮਾਲ ਕਰਦੇ ਹੋ, ਤਾਂ ਇਹ ਖ਼ਬਰ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ, ਕਿਉਂਕਿ ਅਮਰੀਕਾ ਤੋਂ ਬਾਅਦ ਹੁਣ ਭਾਰਤ ਵਿਚ johnson & johnson ਬੇਬੀ ਪਾਊਡਰ ਦੀ ਜਾਂਚ ਕਰਨ ਦੀ ਗੱਲ ਸਾਹਮਣੇ ਆ ਰਹੀ ਹੈ। ਬੇਬੀ ਪਾਊਡਰ 'ਚ ਕੈਂਸਰ ਪੈਦਾ ਕਰਨ ਵਾਲੇ ਰਸਾਇਣਾਂ ਦੀ ਜਾਂਚ ਕੀਤੀ ਜਾ ਸਕਦੀ ਹੈ। ਡਰੱਗਜ਼ ਸਟੈਂਡਰਡ ਕੰਟਰੋਲ ਆਰਗਨਾਈਜੇਸ਼ਨ(ਸੀ.ਡੀ.ਸੀ.ਐੱਸ.ਓ.) ਨਵੇਂ ਸਿਰੇ ਤੋਂ ਜਾਂਚ ਦੇ ਆਦੇਸ਼ ਦੇ ਸਕਦੀ ਹੈ। ਜ਼ਿਕਰਯੋਗ ਹੈ ਕਿ ਸੀ.ਡੀ.ਸੀ.ਐੱਸ.ਓ. ਨੇ 2016 ਵਿਚ ਟੈਲਕਮ ਪਾਊਡਰ ਵਿਚ ਐਸਬੈਸਟੋਸ ਦੀ ਜਾਂਚ ਕੀਤੀ ਸੀ। ਹੁਣ ਭਾਰਤ ਵਿਚ ਬਣਨ ਰਹੇ ਪਾਊਡਰ ਦੀ ਵੀ ਜਾਂਚ ਕੀਤੀ ਜਾਵੇਗੀ ਅਤੇ ਬੀ.ਆਈ.ਐੱਸ ਐਸਬੈਸਟਸ ਦੀ  ਸੀਮਾ ਨੂੰ ਨਿਰਧਾਰਤ ਕਰੇਗੀ। johnson & johnson ਦੀ ਫੈਕਟਰੀ ਹਿਮਾਚਲ ਪ੍ਰਦੇਸ਼ ਦੇ ਬੱਦੀ ਵਿਚ ਸਥਿਤ ਹੈ।
ਅਸਲ ਵਿਚ, ਸੰਯੁਕਤ ਰਾਜ ਅਮਰੀਕਾ ਵਿਚ johnson & johnson ਬੇਬੀ ਪਾਊਡਰ ਦੀ ਵਰਤੋਂ ਕਰਨ ਵਾਲੀਆਂ ਔਰਤਾਂ ਨੇ ਕੈਂਸਰ ਦੀ ਸ਼ਿਕਾਇਤ ਦਰਜ ਕਰਵਾਈ ਸੀ। ਇਹ ਦਲੀਲ ਦਿੱਤੀ ਗਈ ਸੀ ਕਿ ਪਾਊਡਰ ਵਿਚ ਇਕ ਕੈਮੀਕਲ ਹੁੰਦਾ ਹੈ, ਜਿਸ ਨਾਲ ਔਰਤਾਂ ਨੂੰ ਕੈਂਸਰ ਦੀ ਬੀਮਾਰੀ ਪੈਦਾ ਹੋਈ ਹੈ। ਹਾਲਾਂਕਿ ਕੰਪਨੀ ਨੇ ਇਸ ਤੋਂ ਇਨਕਾਰ ਕਰ ਦਿੱਤਾ ਹੈ। ਬੀ.ਆਈ.ਐੱਸ. ਨੂੰ ਇਹ ਫੈਸਲਾ ਕਰਨ ਲਈ ਕਿਹਾ ਗਿਆ ਹੈ ਕਿ ਕੀ ਬੇਬੀ ਪਾਊਡਰ ਵਿਚ ਐਸਬੈਸਟਸ ਦੀ ਮਾਤਰਾ ਸਿਫਰ ਹੋਣੀ ਚਾਹੀਦੀ ਹੈ ਜਾਂ ਕੋਈ ਮਿਆਦ ਤੈਅ ਹੋਣੀ ਚਾਹੀਦੀ ਹੈ।