5G ਲਈ ਪੱਬਾਂ ਭਾਰ ਜਿਓ, Airtel, ਵੋਡਾ-Idea ਨੂੰ ਫਿਰ ਝਟਕਾ!

03/16/2019 8:56:39 AM

ਨਵੀਂ ਦਿੱਲੀ— ਰਿਲਾਇੰਸ ਜਿਓ 5-ਜੀ 'ਚ ਕਦਮ ਰੱਖਣ ਲਈ ਪੱਬਾਂ ਭਾਰ ਹੈ। ਇਕ ਰਿਪੋਰਟ ਮੁਤਾਬਕ, ਜਿਓ 2020 ਦੀ ਦੂਜੀ ਛਿਮਾਹੀ ਤਕ 5-ਜੀ ਸੇਵਾਵਾਂ ਸ਼ੁਰੂ ਕਰ ਸਕਦਾ ਹੈ। ਇਸ ਤੋਂ ਪਹਿਲਾਂ ਕਿ 4-ਜੀ ਡਾਟਾ ਬਾਜ਼ਾਰ 'ਚ ਵੋਡਾਫੋਨ-ਆਈਡੀਆ ਤੇ ਭਾਰਤੀ ਏਅਰਟੈੱਲ ਨੂੰ ਕੋਈ ਵੱਡਾ ਫਾਇਦਾ ਹੋਣ ਲੱਗੇ, ਜਿਓ 5-ਜੀ ਸਰਵਿਸ ਲਾਂਚ ਕਰਕੇ ਇਨ੍ਹਾਂ ਨੂੰ ਫਿਰ ਧੂੜ ਚਟਾਉਣ ਦੀ ਤਿਆਰੀ 'ਚ ਹੈ।

 

ਬ੍ਰੋਕਰਜ਼ ਫਰਮ ਐੱਸ. ਬੀ. ਆਈ. ਕੈਪ ਸਕਿਓਰਿਟੀਜ਼ ਦਾ ਕਹਿਣਾ ਹੈ ਕਿ 4-ਜੀ ਦੀ ਸਮਰੱਥਾ ਨੂੰ ਵਧਾਉਣ ਲਈ ਹਾਲ ਹੀ 'ਚ ਵੋਡਾ-ਆਈਡੀਆ ਤੇ ਭਾਰਤੀ ਏਅਰਟੈੱਲ ਨੇ ਮੈਗਾ ਫੰਡ ਜੁਟਾਉਣ ਦੀ ਘੋਸ਼ਣਾ ਕੀਤੀ ਹੈ। ਇਨ੍ਹਾਂ ਦੀ ਯੋਜਨਾ ਨੂੰ ਦੇਖਦੇ ਹੋਏ ਰਿਲਾਇੰਸ ਜਿਓ ਨੇ 5-ਜੀ 'ਤੇ ਤੇਜ਼ੀ ਨਾਲ ਕੰਮ ਸ਼ੁਰੂ ਕਰ ਦਿੱਤਾ ਹੈ। ਐੱਸ. ਬੀ. ਆਈ. ਕੈਪ ਸਕਿਓਰਿਟੀਜ਼ 'ਚ ਰਿਸਰਚ ਵਿਭਾਗ ਦੇ ਸਹਿ-ਮੁਖੀ ਰਾਜੀਵ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸਰਕਾਰ ਜਨਵਰੀ 2020 ਤਕ 5-ਜੀ ਸਪੈਕਟ੍ਰਮ ਦੀ ਨਿਲਾਮੀ ਕਰੇਗੀ। ਜਿਓ ਇਕੋ-ਇਕ ਟੈਲੀਕਾਮ ਕੰਪਨੀ ਹੈ ਜਿਸ ਨੇ 5-ਜੀ ਸਪੈਕਟ੍ਰਮ ਦੀ ਜਲਦ ਵਿਕਰੀ ਦਾ ਸਮਰਥਨ ਕੀਤਾ ਹੈ।
ਉੱਥੇ ਹੀ, ਭਾਰਤੀ ਏਅਰਟੈੱਲ ਅਤੇ ਵੋਡਾ-ਆਈਡੀਆ ਲਿਮਟਿਡ ਦੋਹਾਂ ਨੇ ਜਲਦ ਨਿਲਾਮੀ ਦਾ ਵਿਰੋਧ ਕੀਤਾ ਹੈ। ਬ੍ਰੋਕਰਜ਼ ਫਰਮ ਮੁਤਾਬਕ, ਹਾਈ ਸਪੀਡ ਤਕਨਾਲੋਜੀ ਤੇ ਬਾਜ਼ਾਰ ਹਿੱਸੇਦਾਰੀ 'ਚ ਮੋਹਰੀ ਬਣੇ ਰਹਿਣ ਲਈ ਜਿਓ 2020 'ਚ ਸਭ ਤੋਂ ਪਹਿਲਾਂ 5-ਜੀ ਸਰਵਿਸ ਲਾਂਚ ਕਰ ਕਰ ਸਕਦਾ ਹੈ। ਇਸ ਦਾ ਕਾਰਨ ਇਹ ਹੈ ਕਿ ਵੋਡਾ-ਆਈਡੀਆ ਤੇ ਭਾਰਤੀ ਏਅਰਟੈੱਲ ਆਪਣੇ ਫੰਡ ਦਾ ਵੱਧ ਤੋਂ ਵੱਧ ਇਸਤੇਮਾਲ ਮੌਜੂਦਾ ਸਾਰੇ 2-ਜੀ ਗਾਹਕਾਂ ਨੂੰ 4-ਜੀ 'ਚ ਬਦਲਣ ਲਈ ਕਰ ਸਕਦੇ ਹਨ, ਜੋ ਕਿ ਜਿਓ ਲਈ ਚੰਗੀ ਖਬਰ ਨਹੀਂ ਹੋਵੇਗੀ। ਇਨ੍ਹਾਂ ਦੋਹਾਂ ਦਿੱਗਜਾਂ ਦੀ ਯੋਜਨਾ ਨਾਲ ਜਿਓ ਨੂੰ ਬਾਜ਼ਾਰ ਹਿੱਸੇਦਾਰੀ ਵਧਾਉਣ 'ਚ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਜਿਓ ਨੇ 5-ਜੀ ਦੀ ਯੋਜਨਾ 'ਤੇ ਕੰਮ ਸ਼ੁਰੂ ਕਰ ਦਿੱਤਾ ਹੈ।