ਜਿਓ ਦੀ ਕਮਾਈ ਵਧੀ, ਏ. ਆਰ. ਪੀ. ਯੂ. ਘਟਿਆ

04/23/2019 10:02:13 PM

ਮੁੰਬਈ-ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ (ਆਰ. ਆਈ. ਐੱਲ.) ਦੀ ਕੰਪਨੀ ਰਿਲਾਇੰਸ ਜਿਓ ਦਾ ਬੀਤੇ ਵਿੱਤੀ ਸਾਲ ਦੀ ਚੌਥੀ ਤਿਮਾਹੀ ਦਾ ਸ਼ੁੱਧ ਲਾਭ 64.7 ਫੀਸਦੀ ਵਧ ਕੇ 840 ਕਰੋੜ ਰੁਪਏ ਹੋ ਗਿਆ ਹੈ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ 'ਚ ਰਿਲਾਇੰਸ ਜਿਓ ਨੂੰ 510 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ। ਹਾਲਾਂਕਿ ਕੰਪਨੀ ਦੀ ਪ੍ਰਤੀ ਖਪਤਕਾਰ ਔਸਤ ਕਮਾਈ (ਏ. ਆਰ. ਪੀ. ਯੂ.) 'ਚ ਗਿਰਾਵਟ ਦਰਜ ਕੀਤੀ ਗਈ ਹੈ ਪਰ ਖਪਤਕਾਰ ਵਧਣ ਕਾਰਨ ਕੰਪਨੀ ਫਿਰ ਵੀ ਆਪਣੀ ਕਮਾਈ ਵਧਾਉਣ 'ਚ ਸਫਲ ਰਹੀ ਹੈ। ਰਿਲਾਇੰਸ ਜਿਓ ਇਕ ਲਿਸਟਿਡ ਕੰਪਨੀ ਨਹੀਂ ਹੈ, ਇਸ ਕਾਰਨ ਇਸ ਦਾ ਵੱਖਰਾ ਵਿੱਤੀ ਨਤੀਜਾ ਜਾਰੀ ਨਹੀਂ ਹੁੰਦਾ ਹੈ ਪਰ ਆਰ. ਆਈ. ਐੱਲ. ਦੇ ਨਾਲ ਇਸ ਕੰਪਨੀ ਦਾ ਵਿੱਤੀ ਨਤੀਜਾ ਜਾਰੀ ਹੁੰਦਾ ਹੈ।

ਤਿਮਾਹੀ-ਦਰ-ਤਿਮਾਹੀ ਆਧਾਰ 'ਤੇ ਚੌਥੀ ਤਿਮਾਹੀ 'ਚ ਰਿਲਾਇੰਸ ਜਿਓ ਦੀ ਏ. ਆਰ. ਪੀ. ਯੂ. 130 ਤੋਂ ਘਟ ਕੇ 126.20 ਰੁਪਏ 'ਤੇ ਆ ਗਈ। ਹਾਲਾਂਕਿ ਚੌਥੀ ਤਿਮਾਹੀ 'ਚ ਇਸ ਦੇ ਖਪਤਕਾਰਾਂ ਦੀ ਗਿਣਤੀ 'ਚ ਫਿਰ ਵਾਧਾ ਦਰਜ ਹੋਇਆ ਹੈ। ਤਿਮਾਹੀ ਆਧਾਰ 'ਤੇ ਚੌਥੀ ਤਿਮਾਹੀ 'ਚ ਜਿਓ ਦੇ ਖਪਤਕਾਰਾਂ ਦੀ ਗਿਣਤੀ 28.01 ਕਰੋੜ ਤੋਂ ਵਧ ਕੇ 30.67 ਕਰੋੜ ਹੋ ਗਈ ਹੈ।

ਤਿਮਾਹੀ ਦੌਰਾਨ ਜਿਓ ਦੀ ਸੰਚਾਲਨ ਕਮਾਈ 55.8 ਫੀਸਦੀ ਵਧ ਕੇ 11,106 ਕਰੋੜ ਰੁਪਏ ਹੋ ਗਈ ਹੈ। ਇਹ ਕਮਾਈ 2017-18 ਦੀ ਇਸੇ ਤਿਮਾਹੀ 'ਚ 7,128 ਕਰੋੜ ਰੁਪਏ ਸੀ। ਪੂਰੇ ਵਿੱਤੀ ਸਾਲ 2018-19 'ਚ ਇਸ ਦਾ ਸ਼ੁੱਧ ਲਾਭ ਚਾਰ ਗੁਣਾ ਵਧ ਕੇ 2,964 ਕਰੋੜ ਰੁਪਏ 'ਤੇ ਪਹੁੰਚ ਗਿਆ, ਜੋ ਇਸ ਤੋਂ ਪਿਛਲੇ ਵਿੱਤੀ ਸਾਲ 'ਚ 723 ਕਰੋੜ ਰੁਪਏ ਸੀ। ਮਾਰਚ ਤਿਮਾਹੀ 'ਚ ਜਿਓ ਦਾ ਲਾਭ 2,585 ਕਰੋੜ ਅਤੇ ਪੂਰੇ ਵਿੱਤੀ ਸਾਲ ਲਈ 8,704 ਕਰੋੜ ਰੁਪਏ ਰਿਹਾ। ਪੂਰੇ ਵਿੱਤੀ ਸਾਲ 2018-19 'ਚ ਰਿਲਾਇੰਸ ਜਿਓ ਦਾ ਸੰਚਾਲਨ ਮਾਲੀਆ 92.7 ਫੀਸਦੀ ਵਧ ਕੇ 38,838 ਕਰੋੜ ਰੁਪਏ 'ਤੇ ਪਹੁੰਚ ਗਿਆ, ਜੋ 2017-18 'ਚ 20,154 ਕਰੋੜ ਰੁਪਏ ਸੀ।

Karan Kumar

This news is Content Editor Karan Kumar