ਜਿਓ ਦੇ ਐਲਾਨ, ਏਅਰਟੈੱਲ ਤੇ ਆਈਡੀਆ ਹੋਏ ਧੜਮ

07/21/2017 3:47:09 PM

ਨਵੀਂ ਦਿੱਲੀ— ਜਿਓ ਨੂੰ ਲੈ ਕੇ ਮੁਕੇਸ਼ ਅੰਬਾਨੀ ਵੱਲੋਂ ਕੀਤੇ ਗਏ ਵੱਡੇ ਐਲਾਨ ਵਿਚਕਾਰ ਸ਼ੇਅਰ ਬਾਜ਼ਾਰ 'ਚ ਏਅਰਟੈੱਲ ਅਤੇ ਆਈਡੀਆ ਨੂੰ ਵੱਡਾ ਝਟਕਾ ਲੱਗਾ ਹੈ। ਉੱਥੇ ਹੀ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ ਤਕਰੀਬਨ 3 ਫੀਸਦੀ ਚੜ੍ਹ ਗਏ। ਰਿਲਾਇੰਸ ਦੇ ਸ਼ੇਅਰ ਚੜ੍ਹਨ ਨਾਲ ਸ਼ੇਅਰ ਬਾਜ਼ਾਰ ਵੀ ਮਜ਼ਬੂਤੀ ਨਾਲ ਝੂਮਦਾ ਨਜ਼ਰ ਆਇਆ। ਜਦੋਂ ਕਿ ਭਾਰਤੀ ਏਅਰਟੈੱਲ ਦੇ ਸਟਾਕ 'ਚ 3.25 ਫੀਸਦੀ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ। ਉੱਥੇ ਹੀ ਆਈਡੀਆ ਦੇ ਸਟਾਕ 'ਚ ਸਭ ਤੋਂ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਉਸ ਦੇ ਸ਼ੇਅਰ 'ਚ 12 ਵਜੇ 6.33 ਫੀਸਦੀ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ। 
ਜਿਓ ਔਖੀ ਕਰੇਗਾ ਹੋਰਾਂ ਦੀ ਰਾਹ!
ਮੁਕੇਸ਼ ਅੰਬਾਨੀ ਵੱਲੋਂ ਜਿਓ ਦੇ ਗਾਹਕਾਂ ਲਈ ਕੀਤੇ ਗਏ ਐਲਾਨ ਤੋਂ ਬਾਅਦ ਸਮਾਰਟ ਫੋਨ ਬਾਜ਼ਾਰ 'ਚ ਵੀ ਹੜਕਮ ਮਚਣ ਵਾਲਾ ਹੈ। ਮੁਕੇਸ਼ ਅੰਬਾਨੀ ਨੇ ਵੀਰਵਾਰ ਨੂੰ ਸਭ ਤੋਂ ਸਸਤਾ 4ਜੀ ਫੀਚਰ ਫੋਨ ਲਾਂਚ ਕਰ ਦਿੱਤਾ ਹੈ। ਜਿਸ ਦੀ ਬੁਕਿੰਗ 25 ਅਗਸਤ 'ਚ ਸ਼ੁਰੂ ਹੋ ਜਾਵੇਗੀ। ਇਸ ਦੇ ਨਾਲ ਹੀ ਬਾਜ਼ਾਰ 'ਚ ਹੁਣ ਮਹਿੰਗੇ 2ਜੀ ਫੋਨਾਂ ਦੀ ਕੀਮਤ 'ਚ ਵੀ ਗਿਰਾਵਟ ਆ ਸਕਦੀ ਹੈ। ਜਿਓ ਨੇ ਇਸ ਤਹਿਤ ਹਰ ਹਫਤੇ 50 ਲੱਖ ਲੋਕਾਂ ਤਕ ਜਿਓ ਫੋਨ ਪਹੁੰਚਾਉਣ ਦਾ ਟੀਚਾ ਰੱਖਿਆ ਹੈ। ਜਿਓ ਫੋਨ 'ਤੇ ਅਨਲਿਮਟਿਡ ਡਾਟਾ ਦੀ ਸੁਵਿਧਾ ਮਿਲੇਗੀ। ਜਿਓ ਅਨਲਿਮਟਿਡ ਧਨ ਧਨਾ-ਧਨ ਪਲਾਨ ਸਿਰਫ 153 ਰੁਪਏ 'ਚ ਉਪਲੱਬਧ ਹੋਵੇਗਾ। ਅਜਿਹੇ 'ਚ ਇਸ ਸੈਕਟਰ ਦੀਆਂ ਹੋਰ ਕੰਪਨੀਆਂ ਨੂੰ ਵੀ ਆਪਣੇ ਪਲਾਨ ਸਸਤੇ ਕਰਨੇ ਪੈ ਸਕਦੇ ਹਨ। 
ਏਅਰਟੈੱਲ ਨੂੰ ਹੋ ਰਿਹੈ ਵੱਡਾ ਨੁਕਸਾਨ
ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਭਾਰਤੀ ਏਅਰਟੈੱਲ ਨੂੰ ਰਿਲਾਇੰਸ ਜਿਓ ਦੇ ਆਉਣ ਦੇ ਬਾਅਦ ਹਰ ਤਿਮਾਹੀ ਤਕਰੀਬਨ 550 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਕੰਪਨੀ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਜਿਓ ਦੇ ਨੈੱਟਵਰਕ ਤੋਂ ਹੋਣ ਵਾਲੀਆਂ ਕਾਲਾਂ ਦੀ ਸੁਨਾਮੀ ਦੇ ਮੱਦੇਨਜ਼ਰ ਉਸ ਨੂੰ ਇਹ ਨੁਕਸਾਨ ਹੋ ਰਿਹਾ ਹੈ।