ਹੀਰੇ ਤੇ ਗਹਿਣਿਆਂ ਦਾ ਨਿਰਯਾਤ 11.24 ਫੀਸਦੀ ਡਿੱਗਾ

08/09/2019 2:59:16 PM

ਮੁੰਬਈ — ਇਸ ਸਾਲ ਦੇ ਜੁਲਾਈ ਮਹੀਨੇ 'ਚ ਕੁੱਲ ਹੀਰਾ ਅਤੇ ਗਹਿਣਾ ਨਿਰਯਾਤ 11.24 ਫੀਸਦੀ ਡਿੱਗ ਕੇ 270.790 ਕਰੋੜ ਡਾਲਰ ਰਹਿ ਗਿਆ, ਜਦੋਂਕਿ ਸਾਲ 2018 ਦੇ ਜੁਲਾਈ ਮਹੀਨੇ ਦੌਰਾਨ ਇਹ ਨਿਰਯਾਤ 305.068 ਕਰੋੜ ਸੀ। ਉਦਯੋਗ ਦੇ ਦਿੱਗਜਾਂ ਨੇ ਅਮਰੀਕਾ-ਚੀਨ ਵਪਾਰਕ ਜੰਗ, ਉਪਭੋਗਤਾਵਾਂ ਦੀ ਕਮਜ਼ੋਰ ਧਾਰਣਾ ਦੇ ਨਾਲ-ਨਾਲ ਕਈ ਹੋਰ ਘਰੇਲੂ ਮਾਮਲਿਆਂ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ ਹੈ। ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਮੌਜੂਦਾ ਵਿੱਤੀ ਸਾਲ ਦੌਰਾਨ ਹੀਰੇ ਅਤੇ ਗਹਿਣਾ ਖੇਤਰ ਦਾ ਕੁੱਲ ਨਿਰਯਾਤ ਅਪ੍ਰੈਲ-ਜੁਲਾਈ 2019 ਦੇ ਦੌਰਾਨ 9.32 ਫੀਸਦੀ ਤੱਕ ਘੱਟ ਕੇ 12.15 ਅਰਬ ਡਾਲਰ ਰਹਿ ਗਿਆ, ਜਦੋਂਕਿ ਪਿਛਲੇ ਸਾਲ ਇਸੇ ਮਿਆਦ 'ਚ ਇਹ 13.39 ਅਰਬ ਡਾਲਰ ਸੀ। 
ਆਮ ਬਜਟ ਪੇਸ਼ ਕੀਤੇ ਜਾਣ ਦੇ ਬਾਅਦ ਜੁਲਾਈ ਮਹੀਨੇ ਵਿਚ ਆਈ ਗਿਰਾਵਟ ਸਾਲ ਦੇ ਆਖਰੀ ਚਾਰ ਮਹੀਨੇ ਵਿਚ ਸਭ ਤੋਂ ਖਰਾਬ ਰਹੀ ਹੈ। ਹੋਰ ਸਾਰੀਆਂ ਵਸਤੂਆਂ ਦੇ ਮੁਕਾਬਲੇ ਸਭ ਤੋਂ ਤੇਜ਼ ਗਿਰਾਵਟ ਤਰਾਸ਼ੇ ਹੋਏ ਹੀਰੇ 'ਚ ਆਈ ਹੈ। ਜੁਲਾਈ ਮਹੀਨੇ 'ਚ ਇਨ੍ਹਾਂ ਦਾ ਨਿਰਯਾਤ 18.29 ਫੀਸਦੀ ਫਿਸਲ ਕੇ 1.50 ਅਰਬ ਡਾਲਰ ਰਹਿ ਗਿਆ, ਜਦੋਂਕਿ ਜੁਲਾਈ 2018 ਵਿਚ ਇਹ ਨਿਰਯਾਤ 1.84 ਅਰਬ ਡਾਲਰ ਸੀ। ਅਜਿਹਾ ਇਸ ਲਈ ਹੈ ਕਿਉਂਕਿ ਘਰੇਲੂ ਉਦਯੋਗ ਕੋਲ ਤਰਾਸ਼ੇ ਗਏ ਹੀਰੇ ਦਾ ਵੱਡਾ ਸਟਾਕ ਹੈ ਅਤੇ ਗਲੋਬਲ ਪੱਧਰ 'ਤੇ ਪ੍ਰਮੁੱਖ ਉਪਭੋਗਤਾ ਕੇਂਦਰਾਂ ਦਾ ਸਟਾਕ ਵੀ ਜ਼ਿਆਦਾ ਹੈ।

ਨਿਰਯਾਤਕ ਪਹਿਲਾਂ ਹੀ ਜੀ.ਐਸ.ਟੀ. ਲਈ ਦਾਅਵਾ ਕੀਤੇ ਜਾਣ ਵਾਲੇ ਰਿਫੰਡ 'ਚ ਦੇਰੀ ਦਾ ਸਾਹਮਣਾ ਕਰ ਰਹੇ ਸਨ। ਇਸ ਕਾਰਨ ਉਨ੍ਹਾਂ ਦੀ ਕਾਰਜ ਸਮਰੱਥਾ 'ਚ ਰੁਕਾਵਟ ਪੈਦਾ ਹੋ ਰਹੀ ਹੈ। ਭਾਰਤ ਦੇ ਕੁੱਲ ਨਿਰਯਾਤ 'ਚ ਕੁੱਲ ਗਹਿਣਾ ਨਿਰਯਾਤ ਦਾ ਹਿੱਸਾ ਲਗਭਗ 13 ਫੀਸਦੀ ਦੇ ਨਾਲ 40 ਅਰਬ ਡਾਲਰ ਰਿਹਾ ਹੈ। ਇਸ ਖੇਤਰ ਨੂੰ ਕਾਰਜਸ਼ੀਲ ਪੂੰਜੀ ਨਹੀਂ ਮਿਲ ਰਹੀ ਹੈ ਜਿਸ ਕਾਰਨ ਇਸ ਖੇਤਰ ਨੂੰ ਨੁਕਸਾਨ ਪਹੁੰਚਣ ਲੱਗ ਗਿਆ ਹੈ। 

ਇਕ ਪਾਸੇ ਜਿੱਥੇ ਅਮਰੀਕਾ-ਚੀਨ ਵਿਚਕਾਰ ਜਾਰੀ ਵਪਾਰਕ ਜੰਗ ਕਾਰਨ ਹਾਲਾਤ ਨਾਜ਼ੁਕ ਕਰ ਦਿੱਤੇ ਹਨ ਅਤੇ ਦੂਜੇ ਪਾਸੇ ਬਜਟ ਵਿਚ ਸੋਨੇ ਦੇ ਆਯਾਤ 'ਤੇ ਕਸਟਮ ਡਿਊਟੀ 2.5 ਫੀਸਦੀ ਵਧਾ ਕੇ 12.5 ਕੀਤੇ ਜਾਣ ਕਾਰਨ ਵੀ ਨਿਰਯਾਤ ਵਿਚ ਕਮੀ ਆਉਣੀ ਸ਼ੁਰੂ ਹੋਈ ਹੈ। ਘਰੇਲੂ ਡਿਊਟੀ ਖੇਤਰ ਨਾਲ ਸਾਲਾਨਾ ਨਿਰਯਾਤ ਕਰੀਬ ਤਿੰਨ ਅਰਬ ਡਾਲਰ ਰਹਿੰਦਾ ਹੈ। ਅਪ੍ਰੈਲ-ਜੁਲਾਈ ਦੌਰਾਨ ਸੋਨੇ ਦੇ ਗਹਿਣਿਆਂ ਦਾ ਨਿਰਯਾਤ 4.80 ਫੀਸਦੀ ਡਿੱਗ ਕੇ 4.09 ਅਰਬ ਡਾਲਰ ਰਿਹਾ ਜਿਹੜਾ ਕਿ ਪਿਛਲੇ ਸਾਲ 4.29 ਅਰਬ ਡਾਲਰ ਸੀ।


Related News