ਦਿਵਾਲਿਆ ਐਲਾਨੀ ਜਾਵੇਗੀ ਜੈੱਟ ਏਅਰਵੇਜ਼, NCLT ''ਚ ਜਾਵੇਗਾ ਮਾਮਲਾ

06/17/2019 9:16:21 PM

ਨਵੀਂ ਦਿੱਲੀ/ਜਲੰਧਰ-ਨਕਦੀ ਸੰਕਟ ਕਾਰਨ ਸੰਚਾਲਨ ਬੰਦ ਕਰਨ ਵਾਲੀ ਹਵਾਬਾਜ਼ੀ ਸੇਵਾ ਪ੍ਰਦਾਤਾ ਕੰਪਨੀ ਜੈੱਟ ਏਅਰਵੇਜ਼ ਨੂੰ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੀ ਅਗਵਾਈ ਵਾਲੇ ਬੈਂਕਾਂ ਦਾ ਕੰਸੋਟ੍ਰੀਅਮ ਇਨਸਾਲਵੈਂਸੀ ਐਂਡ ਬੈਂਕਰਪਸੀ ਕੋਡ (ਆਈ. ਬੀ. ਸੀ.) ਤਹਿਤ ਐੱਨ. ਸੀ. ਐੱਲ. ਟੀ. 'ਚ ਲਿਜਾਣ ਦੀ ਤਿਆਰੀ ਕਰ ਰਿਹਾ ਹੈ। ਮਾਮਲੇ ਨੂੰ ਆਈ. ਬੀ. ਸੀ. ਤੋਂ ਬਾਹਰ ਸੁਲਝਾਉਣ ਦੇ ਕਰਜ਼ਦਾਤਾ ਬੈਂਕਾਂ ਦੀ ਕੋਸ਼ਿਸ਼ ਨਾਕਾਮ ਹੋਣ ਕਾਰਨ ਜੈੱਟ ਏਅਰਵੇਜ਼ ਵਿਰੁੱਧ ਦਿਵਾਲਿਆ ਐਲਾਨ ਕਰਨ ਦੀ ਪ੍ਰਕਿਰਿਆ ਨੂੰ ਸ਼ੁਰੂ ਕਰੇਗਾ।
ਕਰਜ਼ਦਾਤਾ ਬੈਂਕਾਂ ਨੇ ਇਕ ਬਿਆਨ 'ਚ ਕਿਹਾ ਕਿ ਜੈੱਟ ਏਅਰਵੇਜ਼ ਦੇ ਭਵਿੱਖ 'ਤੇ ਫੈਸਲਾ ਕਰਨ ਲਈ ਉਸ ਦੇ ਕਰਜ਼ਦਾਤਿਆਂ ਦੀ ਅੱਜ ਇਕ ਬੈਠਕ ਹੋਈ। ਕਾਫੀ ਸਲਾਹ-ਮਸ਼ਵਰੇ ਤੋਂ ਬਾਅਦ ਕਰਜ਼ਦਾਤਿਆਂ ਨੇ ਮਾਮਲੇ ਦਾ ਨਿਬੇੜਾ ਆਈ. ਬੀ. ਸੀ. ਤਹਿਤ ਕਰਨ ਦਾ ਫੈਸਲਾ ਕੀਤਾ ਕਿਉਂਕਿ ਕੰਪਨੀ ਲਈ ਸਿਰਫ ਇਕ ਬਾਸ਼ਰਤ ਬੋਲੀ ਮਿਲੀ।

ਬਿਆਨ ਮੁਤਾਬਕ ਐੱਸ. ਬੀ. ਆਈ. ਦੀ ਅਗਵਾਈ ਵਾਲੇ ਕਰਜ਼ਦਾਤਾ ਬੈਂਕ ਜੈੱਟ ਏਅਰਵੇਜ਼ ਲਈ ਆਈ. ਬੀ. ਸੀ. ਤੋਂ ਬਾਹਰ ਰੈਜ਼ੋਲਿਊਸ਼ਨ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਪਰੋਕਤ ਕਾਰਣਾਂ ਨਾਲ ਬੈਂਕਾਂ ਨੂੰ ਆਈ. ਬੀ. ਸੀ. ਤਹਿਤ ਹੀ ਰੈਜ਼ੋਲਿਊਸ਼ਨ ਦਾ ਫੈਸਲਾ ਕਰਨਾ ਪਿਆ ਹੈ।ਨਕਦੀ ਸੰਕਟ ਕਾਰਨ ਜੈੱਟ ਏਅਰਵੇਜ਼ ਨੂੰ ਬੀਤੇ 17 ਅਪ੍ਰੈਲ ਨੂੰ ਆਪਣਾ ਸੰਚਾਲਨ ਬੰਦ ਕਰਨਾ ਪਿਆ। ਹਵਾਬਾਜ਼ੀ ਕੰਪਨੀ 'ਤੇ 8,500 ਕਰੋੜ ਰੁਪਏ ਦਾ ਕਰਜ਼ਾ ਹੈ ਅਤੇ ਇਸ ਦੀ ਕੁਲ ਦੇਣਦਾਰੀ 25,000 ਕਰੋੜ ਰੁਪਏ ਹੈ।

ਜੈੱਟ ਏਅਰਵੇਜ਼ ਨੂੰ ਖਰੀਦਣ 'ਚ ਦਿਲਚਸਪੀ ਵਿਖਾਉਣ ਵਾਲੇ ਹਿੰਦੁਜਾ ਗਰੁੱਪ ਅਤੇ ਇਤਿਹਾਦ ਨੇ ਇਸ ਦਿਸ਼ਾ 'ਚ ਅੱਗੇ ਕਦਮ ਨਹੀਂ ਵਧਾਇਆ ਅਤੇ ਨਾ ਹੀ ਕੋਈ ਰਸਮੀ ਪ੍ਰਸਤਾਵ ਦਿੱਤਾ। ਇਸ 'ਚ ਜੈੱਟ ਖਿਲਾਫ 2 ਕੰਪਨੀਆਂ ਨੇ ਮੁੰਬਈ ਦੀ ਦੀਵਾਲੀਆ ਅਦਾਲਤ 'ਚ ਪਟੀਸ਼ਨ ਦਰਜ ਕੀਤੀ ਹੈ, ਜਿਸ 'ਤੇ 20 ਜੂਨ ਨੂੰ ਸੁਣਵਾਈ ਹੋਵੇਗੀ।


Karan Kumar

Content Editor

Related News