ਜਾਪਾਨ ਦੀ ਸੁਜ਼ੂਕੀ ਨੇ 20 ਲੱਖ ਵਾਹਨਾਂ ਨੂੰ ਵਾਪਸ ਮੰਗਵਾਇਆ

04/19/2019 10:31:18 AM

ਟੋਕੀਓ — ਜਾਪਾਨ ਦੀ ਛੋਟੀ ਕਾਰ ਨਿਰਮਾਤਾ ਕੰਪਨੀ ਸੁਜ਼ੂਕੀ ਨੇ ਬੀਤੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਹ ਘਰੇਲੂ ਪੱਧਰ 'ਤੇ ਭੇਜੇ ਗਏ 20 ਲੱਖ ਵਾਹਨਾਂ ਨੂੰ ਵਾਪਸ ਮੰਗਵਾ ਰਹੀ ਹੈ। ਕੰਪਨੀ ਨੇ ਕਿਹਾ ਕਿ ਇਹ ਵਾਪਸੀ ਈਂਧਣ ਕੁਸ਼ਲਤਾ ਦੇ ਗਲਤ ਅੰਕੜੇ ਸਮੇਤ ਹੋਰ ਵੱਖਰੀਆਂ ਗੜਬੜੀਆਂ(ਵਿਕਾਰਾਂ) ਕਾਰਨ ਕੀਤੀ ਜਾ ਰਹੀ ਹੈ। ਇਹ ਵਾਪਸੀ ਚਾਰ ਸਾਲ ਜਾਂ ਉਸ ਤੋਂ ਘੱਟ ਸਮੇਂ ਅੰਦਰ ਚੱਲਣ ਵਾਲੇ ਵਾਹਨਾਂ ਲਈ ਹੋ ਰਹੀ ਹੈ ਜਿਨਾਂ ਦੀ ਅਜੇ ਤੱਕ ਨਿਯਮਿਤ ਤੌਰ 'ਤੇ ਜਾਂਚ ਨਹੀਂ ਹੋਈ ਹੈ। ਪਿਛਲੇ ਹਫ਼ਤੇ ਸੁਜ਼ੂਕੀ ਨੇ ਮੰਨਿਆ ਕਿ ਇਕ ਅੰਦਰੂਨੀ ਸਮੀਖਿਆ ਵਿਚ ਆਪਣੀਆਂ ਫੈਕਟਰੀਆਂ 'ਚ ਬ੍ਰੇਕ ਦੀ ਗਲਤ ਜਾਂਚ, ਗਲਤ ਈਂਧਣ ਕੁਸ਼ਲਤਾ ਦੇ ਅੰਕੜੇ ਅਤੇ ਅੰਤਿਮ ਨਿਰੀਖਣ ਕਰਨ ਵਾਲੇ ਗੈਰਪ੍ਰਮਾਣਿਤ ਕਰਮਚਾਰੀਆਂ ਸਮੇਤ ਕਈ ਸਮੱਸਿਆਵਾਂ ਮਿਲੀਆਂ ਸਨ। ਵਾਹਨਾਂ ਦੀ ਇਸ ਵਾਪਸੀ ਕਾਰਨ ਕੰਪਨੀ 'ਤੇ ਲਗਭਗ 80 ਅਰਬ ਜਪਾਨੀ ਯੇਨ (71.5 ਕਰੋੜ ਡਾਲਰ) ਦੀ ਲਾਗਤ ਆਉਣ ਦੀ ਉਮੀਦ ਹੈ ਅਤੇ ਇਹ ਸੁਜ਼ੂਕੀ ਵਲੋਂ ਨਿਸਾਨ, ਮਾਜ਼ਦਾ ਅਤੇ ਮਿਤਸੁਬੀਸ਼ੀ ਲਈ ਉਤਪਾਦਤ ਵਾਹਨਾਂ ਲਈ ਨਿਰਮਿਤ ਸਾਜ਼ੋ-ਸਮਾਨ ਨੂੰ ਵੀ ਪ੍ਰਭਾਵਿਤ ਕਰਦਾ ਹੈ। ਆਵਾਜਾਈ ਮੰਤਰੀ ਕੇਇਚੀ ਇਸ਼ੀ ਨੇ ਕਿਹਾ ਹੈ ਕਿ ਕੰਪਨੀ ਨੂੰ ਇਸ ਗੜਬੜੀ ਨੂੰ ਲੈ ਕੇ ਕੁਝ 'ਗੰਭੀਰ ਪੜਚੋਲ' ਕਰਨ ਦੀ ਜ਼ਰੂਰਤ ਹੈ।