ਜੰਮੂ-ਕਸ਼ਮੀਰ ਦੇ ਕਿਸਾਨਾਂ ਨੂੰ ਸੇਬ, ਕੇਸਰ ਦਾ ਮਿਲੇ ਢੁੱਕਵਾਂ ਮੁੱਲ : ਸੀਤਾਰਮਨ

11/12/2019 9:35:45 PM

ਨਵੀਂ ਦਿੱਲੀ (ਯੂ. ਐੱਨ. ਆਈ.)-ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਸਰਕਾਰ ਜੰਮੂ-ਕਸ਼ਮੀਰ ਦੇ ਕਿਸਾਨਾਂ ਨੂੰ ਸੇਬ, ਕੇਸਰ, ਅਖ਼ਰੋਟ ਆਦਿ ਉਤਪਾਦਾਂ ਦਾ ਢੁੱਕਵਾਂ ਮੁੱਲ ਦਿਵਾਉਣਾ ਯਕੀਨੀ ਕਰੇਗੀ ਤਾਂ ਕਿ ਉਨ੍ਹਾਂ ਦੇ ਇਹ ਉਤਪਾਦ ਪੂਰੇ ਦੇਸ਼ ’ਚ ਪਹੁੰਚ ਸਕਣ। ਸੀਤਾਰਮਨ ਨੇ ਮੰਗਲਵਾਰ ਨੂੰ ਇੱਥੇ 2 ਦਿਨਾ ਪੇਂਡੂ ਅਤੇ ਖੇਤੀਬਾੜੀ ਵਿੱਤ ’ਤੇ ਛੇਵੀਂ ਕੌਮਾਂਤਰੀ ਕਾਂਗਰਸ ਦਾ ਉਦਘਾਟਨ ਕਰਨ ਮੌਕੇ ਰਾਸ਼ਟਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ (ਨਾਬਾਰਡ) ਦੇ ਪ੍ਰਧਾਨ ਹਰਸ਼ ਕੁਮਾਰ ਭਾਨਵਾਲਾ ਨੂੰ ਫਸਲੀ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ ਨਾਲ ਜੰਮੂ-ਕਸ਼ਮੀਰ ਦਾ ਦੌਰਾ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਨੈਫੇਡ ਅਜੇ ਕਸ਼ਮੀਰ ਘਾਟੀ ਦੇ ਕਿਸਾਨਾਂ ਤੋਂ ਸੇਬ ਦੀ ਖਰੀਦ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਨਾਬਾਰਡ ਨੂੰ ਵੀ ਜੰਮੂ-ਕਸ਼ਮੀਰ ਦੇ ਕਿਸਾਨਾਂ ਨੂੰ ਉਚਿਤ ਮੁੱਲ ਦਿਵਾਉਣ ਦੀ ਦਿਸ਼ਾ ’ਚ ਕੰਮ ਕਰਨਾ ਚਾਹੀਦਾ ਹੈ।

ਵਿੱਤ ਮੰਤਰੀ ਨੇ ਕਿਹਾ ਕਿ ਲੱਦਾਖ ਨੂੰ ਸੌਰ ਊਰਜਾ ਦਾ ਕੇਂਦਰ ਬਣਾਉਣ ਦੀ ਦਿਸ਼ਾ ’ਚ ਕੰਮ ਜਾਰੀ ਹੈ। ਅਗਲੇ ਸਾਲ ਜਨਵਰੀ, ਫਰਵਰੀ ਤੋਂ ਇਸ ਦਿਸ਼ਾ ’ਚ ਜ਼ੋਰ-ਸ਼ੋਰ ਨਾਲ ਕੰਮ ਸ਼ੁਰੂ ਹੋਵੇਗਾ। ਅਜੇ ਉਥੇ ਜ਼ਮੀਨੀ ਪੱਧਰ ’ਤੇ ਇਸ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਨਵਗਠਿਤ ਕੇਂਦਰ ਸ਼ਾਸਿਤ ਪ੍ਰਦੇਸ਼ ਭੂਗੋਲਿਕ ਰੂਪ ਨਾਲ ਸੌਰ ਊਰਜਾ ਦੇ ਉਤਪਾਦਨ ਲਈ ਉਪਯੁਕਤ ਹੈ।

ਸਰਕਾਰ ਨੇ ਇਸ ਸਾਲ ਅਗਸਤ ’ਚ ਆਰਟੀਕਲ 370 ਨੂੰ ਖ਼ਤਮ ਕਰ ਕੇ ਜੰਮੂ-ਕਸ਼ਮੀਰ ਤੋਂ ਲੱਦਾਖ ਨੂੰ ਵੱਖ ਕਰਨ ਦੇ ਨਾਲ ਹੀ ਦੋਵਾਂ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਹੈ। ਹੁਣ ਸਰਕਾਰ ਇਨ੍ਹਾਂ ਦੋਵਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪੂਰੇ ਦੇਸ਼ ਦੇ ਨਾਲ ਇਕ-ਮਿਕ ਕਰਨ ਦੀ ਦਿਸ਼ਾ ’ਚ ਕੰਮ ਕਰ ਰਹੀ ਹੈ। ਇਸ ਦੇ ਤਹਿਤ ਜੰਮੂ-ਕਸ਼ਮੀਰ ਦੇ ਕਿਸਾਨਾਂ ਨੂੰ ਉਨ੍ਹਾਂ ਦੇ ਖੇਤੀਬਾੜੀ ਉਤਪਾਦਾਂ ਦਾ ਢੁੱਕਵਾਂ ਮੁੱਲ ਦਿਵਾਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ।


Karan Kumar

Content Editor

Related News