ਹੁਵਾਵੇਈ ਮੁੱਦੇ ''ਤੇ ਰੁਖ ਤੈਅ ਕਰਨਾ ਸਰਕਾਰ ਦਾ ਕੰਮ : ਟਰਾਈ

05/20/2019 9:44:54 PM

ਨਵੀਂ ਦਿੱਲੀ-ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਨੇ ਕਿਹਾ ਕਿ ਇਹ ਸਰਕਾਰ ਤੈਅ ਕਰੇਗੀ ਕਿ ਕੀ ਭਾਰਤ ਨੂੰ ਹੁਵਾਵੇਈ ਮੁੱਦੇ 'ਤੇ ਕੋਈ ਰੁਖ ਤੈਅ ਕਰਨਾ ਚਾਹੀਦਾ ਹੈ। ਰੈਗੂਲੇਟਰੀ ਨੇ ਕਿਹਾ ਕਿ ਹੁਵਾਵੇਈ 'ਤੇ ਰੁਖ ਤੈਅ ਕਰਨਾ ਇਕ ਵੱਡਾ ਸਵਾਲ ਹੈ, ਜਿਸ 'ਤੇ ਸਰਕਾਰ ਫੈਸਲਾ ਕਰੇਗੀ।  ਡੋਨਾਲਡ ਟਰੰਪ ਪ੍ਰਸ਼ਾਸਨ ਨੇ ਪਿਛਲੇ ਹਫਤੇ ਹੁਵਾਵੇਈ ਅਤੇ ਉਸ ਨਾਲ ਜੁੜੀਆਂ ਕੰਪਨੀਆਂ ਨੂੰ ਕਾਲੀ ਸੂਚੀ 'ਚ ਪਾਇਆ ਸੀ। ਇਸ ਕਦਮ ਨਾਲ ਚੀਨ ਦੀ ਕੰਪਨੀ ਬਿਨਾਂ ਅਮਰੀਕਾ ਸਰਕਾਰ ਦੀ ਮਨਜ਼ੂਰੀ ਦੇ ਅਮਰੀਕੀ ਕੰਪਨੀਆਂ ਤੋਂ ਕਲਪੁਰਜ਼ੇ ਨਹੀਂ ਖਰੀਦ ਸਕਦੀ ਹੈ। ਟਰਾਈ ਦੇ ਚੇਅਰਮੈਨ ਆਰ. ਐੱਸ. ਸ਼ਰਮਾ ਨੇ ਕਿਹਾ ਕਿ ਭਾਰਤ ਨੂੰ ਵੀ ਹੁਵਾਵੇਈ 'ਤੇ ਆਪਣਾ ਰੁਖ ਤੈਅ ਕਰਨਾ ਚਾਹੀਦਾ ਹੈ, ਇਹ ਇਕ ਵੱਡਾ ਸਵਾਲ ਹੈ, ਜਿਸ 'ਤੇ ਸਰਕਾਰ ਨੂੰ ਫੈਸਲਾ ਕਰਨਾ ਹੈ। ਉਨ੍ਹਾਂ ਨੇ ਇਸ ਮਾਮਲੇ 'ਤੇ ਹੋਰ ਕੁਝ ਨਹੀਂ ਕਿਹਾ। ਹਾਲਾਂਕਿ ਹੁਵਾਵੇਈ ਨੇ ਕਿਹਾ ਹੈ ਕਿ ਉਹ ਆਪਣੇ ਮੌਜੂਦਾ ਸਮਾਰਟਫੋਨ ਅਤੇ ਟੈਬਲੇਟਸ ਲਈ ਸੁਰੱਖਿਆ ਅਪਡੇਟ ਅਤੇ ਵਿਕਰੀ ਬਾਅਦ ਦੀਆਂ ਸੇਵਾਵਾਂ ਉਪਲੱਬਧ ਕਰਵਾਉਂਦੀ ਰਹੇਗੀ। ਹਾਲਾਂਕਿ ਉਸ ਦੇ ਉਤਪਾਦਾਂ ਲਈ ਭਵਿੱਖ ਦੀ ਰੂਪ ਰੇਖਾ ਤੈਅ ਨਹੀਂ ਹੈ ਕਿਉਂਕਿ ਉਸ ਦਾ ਐਂਡਰਾਇਡ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ। ਅਮਰੀਕਾ ਅਤੇ ਚੀਨ 'ਚ ਵਪਾਰਕ ਜੰਗ 'ਚ ਸਮਝਿਆ ਜਾਂਦਾ ਹੈ ਕਿ ਤਕਨੀਕੀ ਖੇਤਰ ਦੀ ਦਿੱਗਜ ਕੰਪਨੀ ਗੂਗਲ ਹੁਣ ਹੁਵਾਵੇਈ ਨੂੰ ਹਾਰਡਵੇਅਰ, ਸਾਫਟਵੇਅਰ ਅਤੇ ਤਕਨੀਕੀ ਸੇਵਾਵਾਂ ਰੋਕਣ ਜਾ ਰਹੀ ਹੈ।

Karan Kumar

This news is Content Editor Karan Kumar