ਭਾਰਤ ''ਚ ਇਜ਼ਰਾਇਲ ਦੀ ਤਕਨੀਕ, ਲਹਿਰਾਏਗੀ ਘਰੇਲੂ ਖੇਤੀ!

07/08/2017 3:29:39 PM

ਨਵੀਂ ਦਿੱਲੀ— ਖੇਤੀਬਾੜੀ ਖੇਤਰ 'ਚ ਵਿਕਾਸ ਦੇ ਰਸਤੇ ਖੋਲ੍ਹਣ ਲਈ ਇਜ਼ਰਾਇਲ ਦੇ ਨਾਲ ਹੋਏ ਸਮਝੌਤੇ ਬਹੁਤ ਅਹਿਮ ਸਾਬਤ ਹੋਣਗੇ। ਇਹ ਸਮਝੌਤੇ ਫਸਲਾਂ ਦੀ ਪੈਦਾਵਾਰ ਵਧਾ ਕੇ ਖੇਤੀ ਘਾਟੇ ਨੂੰ ਪੂਰਾ ਕਰਨ 'ਚ ਕਾਰਗਰ ਸਾਬਤ ਹੋਣਗੇ। ਹੁਣ ਭਾਰਤ ਨੂੰ ਇਜ਼ਰਾਇਲ ਦੇ ਤਜਰਬੇ 'ਤੇ ਖੇਤੀ ਨੂੰ ਨਵੀਂ ਉਚਾਈ 'ਤੇ ਪਹੁੰਚਾਉਣ 'ਚ ਸਹਿਯੋਗ ਮਿਲੇਗਾ। ਦੋਹਾਂ ਦੇਸ਼ਾਂ ਵਿਚਕਾਰ ਹੋਏ ਖੇਤੀਬਾੜੀ ਸਮਝੌਤੇ 'ਚ ਉਨ੍ਹਾਂ ਗੱਲਾਂ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ, ਜਿਨ੍ਹ੍ਹਾਂ ਦੇ ਮੱਦੇਨਜ਼ਰ ਖੇਤੀ ਕਮਜ਼ੋਰ ਹੈ। ਜਿਵੇਂ ਖੇਤ ਤੋਂ ਉਪਜ ਨੂੰ ਗੋਦਾਮ ਤਕ ਪਹੁੰਚਾਉਣ 'ਚ ਭਾਰੀ ਨੁਕਸਾਨ ਹੁੰਦਾ ਹੈ। ਇਸ ਲਈ ਪੋਸਟ ਹਾਰਵੈਸਟ ਮੈਨਜਮੈਂਟ 'ਤੇ ਸਮਝੌਤਾ ਕੀਤਾ ਗਿਆ ਹੈ। ਇਸ 'ਚ ਵੀ ਸਭ ਤੋਂ ਜਲਦੀ ਖਰਾਬ ਹੋਣ ਵਾਲੀ ਉਪਜ ਫੁੱਲ, ਫਲ, ਸਬਜ਼ੀਆਂ ਨੂੰ ਰੱਖਿਆ ਗਿਆ ਹੈ। ਕੋਲਡ ਚੈਨ ਦੀ ਕਮੀ ਕਾਰਨ ਸਭ ਤੋਂ ਵਧ ਨੁਕਸਾਨ ਇਨ੍ਹਾਂ ਫਸਲਾਂ ਨੂੰ ਹੁੰਦਾ ਹੈ।
ਉੱਥੇ ਹੀ ਪਾਣੀ ਦੀ ਛੋਟੀ ਬੂੰਦ 'ਤੇ ਵਧ ਪੈਦਾਵਾਰ ਕਰਨ ਦੀ ਇੱਛਾ ਨੂੰ ਸਫਲ ਬਣਾਉਣ ਲਈ ਮਾਈਕਰੋ ਸਿੰਚਾਈ 'ਚ ਇਜ਼ਰਾਇਲੀ ਤਕਨੀਕ ਬਹੁਤ ਕਾਰਗਰ ਸਾਬਤ ਹੋਵੇਗੀ। ਬੂੰਦ-ਬੂੰਦ ਪਾਣੀ ਨਾਲ ਸਿੰਚਾਈ ਅਤੇ ਸਿਪ੍ਰੰਕਲ ਸਿੰਚਾਈ ਦੇ ਮਾਮਲੇ 'ਚ ਇਜ਼ਰਾਇਲ ਅਵੱਲ ਹੈ। ਇਜ਼ਰਾਇਲ ਆਪਣੇ ਜ਼ਮੀਨੀ ਪਾਣੀ ਦੀ ਬਹੁਤ ਬਚਤ ਕਰਦਾ ਹੈ। ਉੱਥੇ ਹੀ ਪੰਜਾਬ ਵਰਗੇ ਸੂਬਿਆਂ 'ਚ ਲਗਾਤਾਰ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਮਾਈਕਰੋ ਸਿੰਚਾਈ ਕਾਰਗਰ ਸਾਬਤ ਹੋ ਸਕਦੀ ਹੈ। 
ਇਸ ਤੋਂ ਇਲਾਵਾ ਘਰੇਲੂ ਖੇਤੀ ਸੰਸਥਾਨਾਂ ਅਤੇ ਯੂਨੀਵਰਸਿਟੀਆਂ 'ਚ ਨਵੇਂ ਬੀਜਾਂ ਨੂੰ ਤਿਆਰ ਕਰਨ 'ਚ ਇਜ਼ਰਾਇਲੀ ਵਿਗਿਆਨਕ ਮਦਦ ਕਰਨਗੇ। ਬੈਕਟੀਰੀਆ ਅਤੇ ਵਾਇਰਸ ਦੇ ਮੱਦੇਨਜ਼ਰ ਫਸਲਾਂ ਅਤੇ ਮਵੇਸ਼ੀਆਂ ਨੂੰ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਉਣ ਲਈ ਵੀ ਇਜ਼ਰਾਇਲੀ ਵਿਗਿਆਨਕ ਭਾਰਤੀ ਖੇਤੀਬਾੜੀ ਵਿਗਿਆਨਕਾਂ ਦੀ ਮਦਦ ਕਰਨਗੇ। ਖੇਤੀਬਾੜੀ ਖੇਤਰ 'ਚ ਸਿੰਚਾਈ ਲਈ ਪਾਣੀ ਦੀ ਉਪਲੱਬਧਤਾ ਵਧਾਉਣ ਦੀ ਤਕਨੀਕ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਸਿੰਚਾਈ ਲਈ ਪਾਣੀ ਦੀ ਲਗਾਤਾਰ ਕਮੀ ਹੋ ਰਹੀ ਹੈ, ਜਿਸ ਨੂੰ ਪੂਰਾ ਕਰਨ ਲਈ ਇਜ਼ਰਾਇਲ ਦੀ ਉੱਚ ਤਕਨੀਕ ਅਤੇ ਪ੍ਰਬੰਧਨ ਸਾਡੇ ਕੰਮ ਆ ਸਕਦੀ ਹੈ। ਇਸ 'ਚ ਪਾਣੀ ਦਾ ਦੁਬਾਰਾ ਵਰਤੋਂ ਖਾਸ ਹੈ। ਇਜ਼ਰਾਇਲ 'ਚ 75 ਫੀਸਦੀ ਪਾਣੀ ਸਾਫ ਕਰਕੇ ਦੁਬਾਰਾ ਵਰਤਿਆ ਜਾਂਦਾ ਹੈ। ਸਮਝੌਤੇ 'ਚ ਸ਼ਾਮਲ ਇਨ੍ਹਾਂ ਪ੍ਰਮੁੱਖ ਪਹਿਲੂਆਂ ਦੇ ਇਲਾਵਾ ਦੋਹਾਂ ਦੇਸ਼ਾਂ ਦੇ ਮੈਂਬਰਾਂ ਦੀ ਇਕ ਕਮੇਟੀ ਬਣਾਈ ਜਾਵੇਗੀ। 
ਭਾਰਤ ਦੇ ਕਈ ਸੂਬਿÎਆਂ 'ਚ ਇਜ਼ਰਾਇਲ ਦੇ ਸੈਂਟਰ ਆਫ ਐਕਸੀਲੈਂਸ ਸਥਾਪਤ ਕੀਤੇ ਗਏ ਹਨ। ਫਿਲਹਾਲ ਇਹ ਸੈਂਟਰ ਪੰਜਾਬ, ਹਰਿਆਣਾ, ਮਹਾਰਾਸ਼ਟਰ, ਤਾਮਿਲਨਾਡੂ, ਰਾਜਸਥਾਨ, ਗੁਜਰਾਤ ਅਤੇ ਕਰਨਾਟਕ 'ਚ ਖੁੱਲ੍ਹੇ ਹੋਏ ਹਨ। ਜਦੋਂ ਕਿ ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਅਤੇ ਬਿਹਾਰ 'ਚ ਇਨ੍ਹਾਂ ਦੀ ਸਥਾਪਨਾ ਦੀ ਤਿਆਰੀ ਚੱਲ ਰਹੀ ਹੈ।