ਡਬਲ ਲਾਕਰ 'ਚ ਰੱਖਿਆ ਈਸ਼ਾ ਅੰਬਾਨੀ ਦੇ ਵਿਆਹ ਦਾ ਕਾਰਡ, ਆਖਿਰ ਕੀ ਹੈ ਰਾਜ਼

12/15/2018 3:50:37 PM

ਨਵੀਂ ਦਿੱਲੀ — ਤੁਸੀਂ ਇਹ ਤਾਂ ਜ਼ਰੂਰ ਸੁਣਿਆ ਹੋਵੇਗਾ ਕਿ ਸੋਨਾ-ਚਾਂਦੀ ਅਤੇ ਕੀਮਤੀ ਹੀਰੇ-ਜ਼ਵਾਹਰ ਖਜ਼ਾਨੇ ਵਿਚ ਰੱਖੇ ਜਾਂਦੇ ਹਨ। ਪਰ ਵਿਆਹ ਦਾ ਕਾਰਡ ਖਜ਼ਾਨੇ ਵਿਚ ਰੱਖਿਆ ਗਿਆ ਹੋਵੇ ਤਾਂ ਇਹ ਜਾਣ ਕੇ ਤੁਹਾਨੂੰ ਬਹੁਤ ਹੈਰਾਨੀ ਹੋਵੇਗੀ। ਪਰ ਇਹ ਸੱਚ ਹੈ ਦੇਸ਼ ਦੇ ਸਭ ਤੋਂ ਅਮੀਰ ਕਾਰੋਬਾਰੀ ਅਤੇ ਰਿਲਾਇੰਸ ਇੰਡਸਟਰੀਜ਼ ਲਿਮੀਟਡ ਦੇ ਮਾਲਕ ਮੁਕੇਸ਼ ਅੰਬਾਨੀ ਦੀ ਬੇਟੀ ਈਸ਼ਾ ਅੰਬਾਨੀ ਦੇ ਵਿਆਹ ਦਾ ਕਾਰਡ ਖਜ਼ਾਨੇ ਵਿਚ ਰੱਖਿਆ ਗਿਆ ਹੈ। ਬੁੱਧਵਾਰ ਨੂੰ ਈਸ਼ਾ ਅੰਬਾਨੀ ਅਤੇ ਆਨੰਦ ਪਿਰਾਮਲ ਵਿਆਹ ਦੇ ਬੰਧਨ ਵਿਚ ਬੱਝ ਗਏ। ਐਂਟੀਲਿਆ 'ਚ ਆਯੋਜਿਤ ਵਿਆਹ ਸਮਾਰੋਹ 'ਚ ਦੁਨੀਆ ਭਰ ਦੀਆਂ ਮਸ਼ਹੂਰ ਹਸਤੀਆਂ ਨੇ ਸ਼ਮੂਲੀਅਤ ਕੀਤੀ। ਮੁਕੇਸ਼ ਅੰਬਾਨੀ ਨੇ ਈਸ਼ਾ ਦੇ ਵਿਆਹ ਦਾ ਕਾਰਡ ਦੇਸ਼ ਭਰ ਦੇ ਤੀਰਥ ਸਥਾਨਾਂ 'ਤੇ ਚੜ੍ਹਾਏ ਸਨ। ਵਾਰਾਣਸੀ ਦੇ ਕਾਸ਼ੀ ਵਿਸ਼ਵਨਾਥ ਮੰਦਿਰ 'ਚ ਈਸ਼ਾ-ਆਨੰਦ ਦੇ ਵਿਆਹ ਦਾ ਕਾਰਡ ਭੇਜਿਆ ਗਿਆ ਸੀ ਜਿਸ ਨੂੰ ਇਸ ਦਰਬਾਰ ਵਿਚ ਡਬਲ ਲਾਕਰ ਵਿਚ ਰੱਖਿਆ ਗਿਆ ਹੈ।

ਆਖਿਰ ਕਿਉਂ ਰੱਖਿਆ ਗਿਆ ਹੈ ਇਸ ਕਾਰਡ ਨੂੰ ਲਾਕਰ ਵਿਚ 

ਇਹ ਕਾਰਡ ਸੋਨੇ ਅਤੇ ਨਗਾਂ ਨਾਲ ਜੜ੍ਹਿਆ ਹੈ। ਖਾਸ ਬਾਕਸ ਦੇ ਅੰਦਰ ਈਸ਼ਾ ਅਤੇ ਆਨੰਦ ਦੇ ਵਿਆਹ ਸਮਾਰੋਹ 'ਚ ਹੋਣ ਵਾਲੇ ਹਰੇਕ ਪ੍ਰੋਗਰਾਮ ਦੇ ਆਕਰਸ਼ਕ ਡਿਜ਼ਾਈਨ ਅਤੇ ਸੁਨਹਿਰੇ ਅੱਖਰਾਂ ਨਾਲ ਸੱਜੇ ਵੱਖ-ਵੱਖ ਕਾਰਡ ਇਕ ਬਾਕਸ ਵਿਚ ਰੱਖੇ ਗਏ ਸਨ। ਹਰ ਕਾਰਡ 'ਤੇ ਸੰਸਕ੍ਰਿਤ ਦੇ ਸਲੋਕ ਅਤੇ ਅੰਗ੍ਰੇਜ਼ੀ ਵਿਚ ਪ੍ਰੋਗਰਾਮ ਦੀ ਵੇਰਵੇ ਸਹਿਤ ਜਾਣਕਾਰੀ ਦਿੱਤੀ ਗਈ ਸੀ। ਵੱਡਾ ਬਾਕਸ ਖੋਲ੍ਹਣ 'ਤੇ ਭਜਨ ਦੀ ਧੁਨ ਦੇ ਨਾਲ ਅੰਦਰ ਦੇ ਚਾਰ ਖਾਣਿਆਂ 'ਚ ਮੋਤੀ, ਮਾਣਿਕ ਅਤੇ ਪੰਨੇ ਨਾਲ ਪਿਰੋਈ ਸੋਨੇ-ਚਾਂਦੀ ਦੀ ਮਾਲਾ ਰੱਖੀ ਹੋਈ ਸੀ। ਇਸ ਦੇ ਨਾਲ ਹੀ ਲਕਸ਼ਮੀ ਦੇਵੀ ਦੀ ਫੋਟੋ ਅਤੇ ਖਾਸ ਤੌਰ 'ਤੇ ਬਣਾਈ ਗਈ ਗੁੱਥੀ 'ਚ ਅਤਰ, ਫੁੱਲ ਅਤੇ ਧੂਪ ਰੱਖੇ ਹੋਏ ਸਨ।

ਇਸ ਕਾਰਡ ਦੀ ਕੀਮਤ ਲੱਖਾਂ 'ਚ

ਮੀਡੀਆ ਰਿਪੋਰਟ ਮੁਤਾਬਕ ਕਾਸ਼ੀ ਵਿਸ਼ਵਨਾਥ ਮੰਦਿਰ 'ਚ ਇਹ ਕਾਰਡ ਸੋਮਵਾਰ ਨੂੰ ਪਹੁੰਚ ਗਿਆ ਸੀ। ਇਸ ਤੋਂ ਬਾਅਦ ਇਸ ਕਾਰਡ ਦੀ ਪੂਜਾ ਕੀਤੀ ਗਈ ਅਤੇ ਫਿਰ ਵਿਆਹ ਵਾਲੇ ਦਿਨ ਇਸ ਕਾਰਡ ਨੂੰ ਖੋਲ੍ਹਿਆ ਗਿਆ। ਇਸ ਤੋਂ ਬਾਅਦ ਇਸ ਕਾਰਡ ਨੂੰ ਡਬਲ ਲਾਕਰ ਵਿਚ ਰੱਖ ਦਿੱਤਾ ਗਿਆ। ਸੂਤਰਾਂ ਅਨੁਸਾਰ ਇਸ ਕਾਰਡ ਦੀ ਕੀਮਤ 5 ਤੋਂ 6 ਲੱਖ ਦੇ ਕਰੀਬ ਹੋ ਸਕਦੀ ਹੈ। ਕਾਸ਼ੀ ਵਿਸ਼ਵਨਾਥ ਮੰਦਿਰ ਤੋਂ ਇਲਾਵਾ ਇਹ ਕਾਰਡ ਮੁੰਬਈ ਦੇ ਸਿੱਧੀ ਵਿਨਾਇਕ ਮੰਦਿਰ 'ਚ ਮੁਕੇਸ਼ ਅੰਬਾਨੀ ਨੇ ਖੁਦ ਆਪਣੇ ਪਰਿਵਾਰ ਨਾਲ ਜਾ ਕੇ ਇਹ ਕਾਰਡ ਭਗਵਾਨ ਨੂੰ ਭੇਂਟ ਕੀਤਾ ਸੀ।