ਈਰਾਨ ਨੇ ਬੰਦ ਕੀਤੀ ਭਾਰਤੀ ਚੌਲਾਂ ਦੀ ਦਰਾਮਦ, 1500 ਤੱਕ ਡਿੱਗੇ ਬਾਸਮਤੀ ਦੇ ਮੁੱਲ

11/18/2019 12:22:43 AM

ਨਵੀਂ ਦਿੱਲੀ-(ਨੀਰਜ)-ਅਮਰੀਕਾ ਦਾ ਸਮਰਥਨ ਕਰਦੇ ਹੋਏ ਭਾਰਤ ਸਰਕਾਰ ਵੱਲੋਂ ਈਰਾਨ ਤੋਂ ਤੇਲ ਦੀ ਦਰਾਮਦ ਬੰਦ ਕੀਤੇ ਜਾਣ ਮਗਰੋਂ ਈਰਾਨ ਨੇ ਵੀ ਭਾਰਤ ’ਤੇ ਪਲਟਵਾਰ ਕਰਦਿਆਂ ਭਾਰਤੀ ਚੌਲਾਂ ਦੀ ਖਰੀਦ ਬੰਦ ਕਰ ਦਿੱਤੀ ਹੈ। ਇਸ ਦੇ ਨਾਲ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਦੋਹਰੀ ਮਾਰ ਪਈ ਹੈ।

ਅਨਾਜ ਮੰਡੀਆਂ ’ਚ 3500 ਤੋਂ 3800 ’ਚ ਵਿਕਣ ਵਾਲੀ ਪੂਸਾ 1121 ਬਾਸਮਤੀ ਚੌਲਾਂ ਦੇ ਮੁੱਲ ’ਚ 1500 ਰੁਪਏ ਤੱਕ ਦੀ ਗਿਰਾਵਟ ਆ ਗਈ ਹੈ। ਅਨਾਜ ਮੰਡੀਆਂ ’ਚ ਪੂਸਾ 1121 ਬਾਸਮਤੀ 2000 ਤੋਂ 2400 ਰੁਪਏ ’ਚ ਵਿਕ ਰਹੀ ਹੈ। ਖਰੀਦਦਾਰ ਨਾ ਹੋਣ ਕਾਰਣ ਕੁੱਝ ਮੰਡੀਆਂ ’ਚ ਤਾਂ ਇਸ ਤੋਂ ਵੀ ਘੱਟ ਮੁੱਲ ’ਤੇ ਇਸ ਨੂੰ ਵੇਚਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਦੇ ਲੱਖਾਂ ਕਿਸਾਨ ਪੂਸਾ 1121 ਅਤੇ ਹੋਰ ਕਿਸਮ ਦੀ ਬਾਸਮਤੀ ਦੀ ਫਸਲ ਅਰਬ ਦੇਸ਼ ਈਰਾਨ ਆਦਿ ਨੂੰ ਬਰਾਮਦ ਕਰਨ ਲਈ ਹੀ ਬੀਜਦੇ ਹਨ। ਸਰਕਾਰ ਵੱਲੋਂ ਸਿਰਫ ਪਰਮਲ ਚੌਲ ਦੀ ਹੀ ਖਰੀਦ ਕੀਤੀ ਜਾਂਦੀ ਹੈ। ਬਾਸਮਤੀ ਦੀ ਖਰੀਦ ਆਡ਼੍ਹਤੀਆਂ ਜਰੀਏ ਰਾਈਸ ਸ਼ੈਲਰ ਮਾਲਕ ਕਰਦੇ ਹਨ।

ਸਥਾਨਕ ਭਗਤਾਂਵਾਲਾ ਅਨਾਜ ਮੰਡੀ ਦੇ ਸਾਬਕਾ ਪ੍ਰਧਾਨ ਨਰਿੰਦਰ ਕੁਮਾਰ ਬਹਿਲ ਨੇ ਦੱਸਿਆ ਕਿ ਇਸ ਵਾਰ ਮੀਂਹ ਕਾਰਣ ਬਾਸਮਤੀ ਦੀ ਫਸਲ ਦਾ ਝਾਡ਼ 14 ਤੋਂ 15 ਕੁਇੰਟਲ ਤੱਕ ਰਹਿ ਗਿਆ ਹੈ, ਜੋ ਕਿ 20 ਤੋਂ 22 ਕੁਇੰਟਲ ਹੁੰਦਾ ਸੀ। ਇਕੱਲਾ ਈਰਾਨ ਹੀ ਭਾਰਤ ਤੋਂ 8 ਲੱਖ ਮੀਟ੍ਰਿਕ ਟਨ ਬਾਸਮਤੀ ਦੀ ਖਰੀਦ ਕਰਦਾ ਸੀ, ਜੋ ਬਿਲਕੁਲ ਬੰਦ ਹੋ ਗਈ ਹੈ। ਕਿਸਾਨਾਂ ਦੀ ਬਾਸਮਤੀ ਦਾ ਪਹਿਲਾਂ ਤਾਂ ਝਾਡ਼ ਘੱਟ ਹੋਇਆ ਤੇ ਹੁਣ ਮੁੱਲ ’ਚ ਵੀ 1500 ਰੁਪਏ ਤੱਕ ਦੀ ਗਿਰਾਵਟ ਆ ਗਈ ਹੈ, ਜਿਸ ਨਾਲ ਉਨ੍ਹਾਂ ਨੂੰ ਦੋਹਰੀ ਮਾਰ ਵੱਜੀ ਹੈ। ਰਾਈਸ ਮਿੱਲਰ ਰਾਜੇਸ਼ ਸੇਤੀਆ ਨੇ ਦੱਸਿਆ ਕਿ ਈਰਾਨ ਭਾਰਤੀ ਬਾਸਮਤੀ ਦੀ ਵੱਡੀ ਮੰਡੀ ਹੈ, ਜੋ ਇਸ ਸਮੇਂ ਖਤਮ ਹੋ ਚੁੱਕੀ ਹੈ। ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੇ ਆਰਥਿਕ ਨੁਕਸਾਨ ਨੂੰ ਦੂਰ ਕਰਨ ਲਈ ਕੋਸ਼ਿਸ਼ ਕਰੇ।

Karan Kumar

This news is Content Editor Karan Kumar