Apple ''ਤੇ ਛਾਏ ਸੰਕਟ ਦੇ ਬੱਦਲ, ਆਈਫੋਨ ਹੋ ਸਕਦੇ ਹਨ ਸਸਤੇ!

01/12/2019 3:50:05 PM

ਨਵੀਂ ਦਿੱਲੀ— ਦਿੱਗਜ ਮੋਬਾਇਲ ਕੰਪਨੀ ਐਪਲ ਨੂੰ ਆਪਣੇ ਆਈਫੋਨਾਂ ਦੀ ਕੀਮਤ ਘਟਾਉਣੀ ਪੈ ਸਕਦੀ ਹੈ। ਇਸ ਦਾ ਕਾਰਨ ਹੈ ਕਿ ਉਸ ਦੀ ਵਿਕਰੀ 'ਚ ਵੱਡੀ ਗਿਰਾਵਟ ਹੋਣ ਦਾ ਖਦਸ਼ਾ ਹੈ। ਚੀਨ 'ਚ ਉਸ ਦੇ ਫੋਨਾਂ ਦੀ ਕੀਮਤ ਡਿੱਗ ਗਈ ਹੈ। ਜਾਣਕਾਰੀ ਮੁਤਾਬਕ, ਆਈਫੋਨ ਦੇ ਨਵੇਂ ਮਾਡਲ ਐਕਸ ਆਰ ਦੀ ਚੀਨ 'ਚ ਵਿਕਰੀ ਘੱਟ ਹੋਣ ਕਾਰਨ ਉੱਥੇ ਦੇ ਸਮਾਰਟ ਫੋਨ ਵਿਕਰੇਤਾਵਾਂ ਨੇ ਇਸ ਦੀ ਕੀਮਤ 13,440 ਰੁਪਏ (192 ਡਾਲਰ) ਤਕ ਘਟਾ ਦਿੱਤੀ ਹੈ। ਚੀਨ ਦੇ ਵੱਡੇ ਰਿਟੇਲਰ ਸਨਿੰਗ ਨੇ 128-ਜੀਬੀ ਵਾਲੇ ਆਈਫੋਨ ਐਕਸ ਆਰ ਦੀ ਕੀਮਤ 75,520 ਰੁਪਏ (1,036 ਡਾਲਰ) ਤੋਂ ਘਟਾ ਕੇ 60,060 (858 ਡਾਲਰ) ਕਰ ਦਿੱਤੀ ਹੈ।

ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਕੀਮਤਾਂ ਜ਼ਿਆਦਾ ਹੋਣ ਕਾਰਨ ਹੀ ਨਵੇਂ ਆਈਫੋਨ ਦੀ ਵਿਕਰੀ 'ਚ ਗਿਰਾਵਟ ਆਈ ਹੈ। ਚੀਨ 'ਚ ਹੁਵਾਵੇਈ ਕੰਪਨੀ ਸਾਹਮਣੇ ਉਸ ਲਈ ਟਿਕਣਾ ਮੁਸ਼ਕਲ ਹੋ ਰਿਹਾ ਹੈ। ਹੁਵਾਵੇਈ ਦੇ ਸਮਾਰਟ ਫੋਨਾਂ ਦੇ ਮੁਕਾਬਲੇ ਆਈਫੋਨ ਕਾਫੀ ਮਹਿੰਗਾ ਹੈ। ਹੁਵਾਵੇਈ ਦਾ ਟਾਪ ਸਮਾਰਟ ਫੋਨ ਤਕਰੀਬਨ 600 ਡਾਲਰ 'ਚ ਖਰੀਦਿਆ ਜਾ ਸਕਦਾ ਹੈ। ਚੀਨ 'ਚ ਆਨਲਾਈਨ ਵਿਕਰੇਤਾਵਾਂ ਨੇ ਵੀ ਆਈਫੋਨ ਦੀਆਂ ਕੀਮਤਾਂ 'ਚ ਕਮੀ ਕੀਤੀ ਹੈ। ਇਕ ਸੇਲਰ ਨੇ 256-ਜੀਬੀ ਵਾਲੇ ਆਈਫੋਨ ਐਕਸ ਐੱਸ ਮੈਕਸ ਦਾ ਰੇਟ 1,628 ਡਾਲਰ ਤੋਂ ਘਟਾ ਕੇ 1,436 ਡਾਲਰ ਕਰ ਦਿੱਤਾ ਹੈ। ਹਾਲਾਂਕਿ ਇਸ ਦੇ ਬਾਵਜੂਦ ਇਹ ਅਮਰੀਕਾ ਦੇ ਮੁਕਾਬਲੇ ਮਹਿੰਗਾ ਹੈ। ਅਮਰੀਕਾ 'ਚ ਆਈਫੋਨ ਐਕਸ ਐੱਸ ਮੈਕਸ ਦੀ ਕੀਮਤ 1,249 ਡਾਲਰ ਹੈ, ਯਾਨੀ ਚੀਨ ਦੇ ਮੁਕਾਬਲੇ ਉੱਥੇ ਰੇਟ 187 ਡਾਲਰ (13,000 ਰੁਪਏ) ਘੱਟ ਹੈ।

ਪਿਛਲੇ ਸਾਲ ਨਵੰਬਰ 'ਚ XR ਦੀ ਵਿਕਰੀ ਘਟੀ
ਇਕ ਰਿਸਰਚ ਫਰਮ ਦੀ ਰਿਪੋਰਟ ਮੁਤਾਬਕ, ਸਾਲਾਨਾ ਆਧਾਰ 'ਤੇ ਨਵੰਬਰ 2018 'ਚ ਆਈਫੋਨ ਦੀ ਵਿਕਰੀ ਘੱਟ ਹੋਈ। ਸਾਲ 2017 'ਚ ਲਾਂਚ ਹੋਏ ਆਈਫੋਨ 8 ਅਤੇ 2018 'ਚ ਲਾਂਚ ਹੋਏ ਆਈਫੋਨ ਐਕਸ ਆਰ ਦੀ ਤੁਲਨਾ ਕੀਤੀ ਜਾਵੇ ਤਾਂ ਐਕਸ ਆਰ ਦੀ ਵਿਕਰੀ 5 ਫੀਸਦੀ ਘੱਟ ਰਹੀ।
ਬਾਕੀ ਫੋਨਾਂ ਦੇ ਮੁਕਾਬਲੇ ਆਈਫੋਨ ਮਹਿੰਗੇ ਹੋਣ ਕਾਰਨ ਚੀਨ 'ਚ ਉਸ ਦੀ ਵਿਕਰੀ ਲਗਾਤਾਰ ਪ੍ਰਭਾਵਿਤ ਹੋ ਰਹੀ ਹੈ। ਟਿਮ ਕੁਕ ਵੀ ਆਈਫੋਨਾਂ ਦੀ ਵਿਕਰੀ ਘੱਟ ਹੋਣ ਦਾ ਖਦਸ਼ਾ ਜਤਾ ਚੁੱਕੇ ਹਨ। ਕੰਪਨੀ ਨੇ ਹਾਲ ਹੀ 'ਚ ਕਮਾਈ ਦਾ ਅੰਦਾਜ਼ਾ 89-93 ਅਰਬ ਡਾਲਰ ਤੋਂ ਘਟਾ ਕੇ 84 ਅਰਬ ਡਾਲਰ ਕੀਤਾ ਸੀ। ਕੰਪਨੀ ਨੂੰ ਸਭ ਤੋਂ ਵੱਡੀ ਮਾਰ ਨਵੇਂ ਲਾਂਚ ਹੋਏ ਮਾਡਲਾਂ 'ਤੇ ਝੱਲਣੀ ਪੈ ਰਹੀ ਹੈ।