iPhone, ਸੈਮਸੰਗ ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ, ਸਰਕਾਰ ਨੇ ਦਿੱਤੀ ਇਹ ਹਰੀ ਝੰਡੀ

10/06/2020 9:34:07 PM

ਨਵੀਂ ਦਿੱਲੀ— ਹੁਣ ਜਲਦ ਹੀ ਆਈਫੋਨ, ਸੈਮਸੰਗ ਮੋਬਾਇਲ ਫੋਨ 'ਮੇਡ ਇਨ ਇੰਡੀਆ' ਹੋਣਗੇ ਅਤੇ ਇਨ੍ਹਾਂ ਦੀ ਕੀਮਤ 'ਚ ਵੀ ਕਮੀ ਦੇਖਣ ਨੂੰ ਮਿਲੇਗੀ। ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਘਰੇਲੂ ਅਤੇ ਕੌਮਾਂਤਰੀ ਕੰਪਨੀਆਂ ਦੇ 16 ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਹੈ।

ਇਨ੍ਹਾਂ ਕੰਪਨੀਆਂ ਨੇ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ ਯੋਜਨਾ (ਪੀ. ਐੱਲ. ਆਈ.) ਤਹਿਤ ਅਗਲੇ ਪੰਜ ਸਾਲਾਂ ਦੌਰਾਨ 10.5 ਲੱਖ ਕਰੋੜ ਰੁਪਏ ਦੇ ਮੋਬਾਈਲ ਫੋਨ ਬਣਾਉਣ ਲਈ 11,000 ਕਰੋੜ ਰੁਪਏ ਦਾ ਨਿਵੇਸ਼ ਕਰਨ ਦਾ ਪ੍ਰਸਤਾਵ ਦਿੱਤਾ ਹੈ। ਇਨ੍ਹਾਂ ਕੰਪਨੀਆਂ 'ਚ ਸੈਮਸੰਗ ਅਤੇ ਰਾਈਜ਼ਿੰਗ ਸਟਾਰ ਤੋਂ ਇਲਾਵਾ ਆਈਫੋਨ ਨਿਰਮਾਤਾ ਐਪਲ ਦੇ ਕੰਟਰੈਕਟ ਮੈਨੂਫੈਕਚਰਰ ਫੌਕਸਕਾਨ, ਵਿਸਟ੍ਰੋਨ ਅਤੇ ਪੇਗਾਟਰੋਨ ਸ਼ਾਮਲ ਹਨ।

ਉੱਥੇ ਹੀ, ਘਰੇਲੂ ਕੰਪਨੀਆਂ ਜਿਨ੍ਹਾਂ ਦੇ ਪ੍ਰਸਤਾਵਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ, ਉਨ੍ਹਾਂ 'ਚ ਲਾਵਾ, ਭਗਵਤੀ (ਮਾਈਕ੍ਰੋਮੈਕਸ), ਪੈਜੇਟ ਇਲੈਕਟ੍ਰਾਨਿਕਸ (ਡਿਕਸਨ ਤਕਨਾਲੋਜੀ), ਯੂ. ਟੀ. ਐੱਲ. ਨਿਓਲਿੰਕਸ ਅਤੇ ਓਪਟੀਮਸ ਸ਼ਾਮਲ ਹਨ। ਇਕ ਅਧਿਕਾਰਤ ਬਿਆਨ 'ਚ ਕਿਹਾ ਗਿਆ ਹੈ, ''ਇਲੈਕਟ੍ਰਾਨਿਕਸ ਅਤੇ ਸੂਚਨਾ ਤੇ ਤਕਨਾਲੋਜੀ ਮੰਤਰਾਲਾ ਨੇ ਪੀ. ਐੱਲ. ਐੱਲ. ਸਕੀਮ ਤਹਿਤ 16 ਯੋਗ ਬਿਨੈਕਾਰਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।

2 ਲੱਖ ਲੋਕਾਂ ਨੂੰ ਮਿਲੇਗਾ ਰੁਜ਼ਗਾਰ
ਸਰਕਾਰ ਦਾ ਕਹਿਣਾ ਹੈ ਕਿ ਇਸ ਯੋਜਨਾ ਤਹਿਤ ਪ੍ਰਵਾਨਿਤ ਕੰਪਨੀਆਂ ਅਗਲੇ ਪੰਜ ਸਾਲਾਂ 'ਚ 2 ਲੱਖ ਲੋਕਾਂ ਨੂੰ ਪ੍ਰਤੱਖ ਰੁਜ਼ਗਾਰ ਦੇਣਗੀਆਂ, ਜਦੋਂ ਕਿ ਇਸ ਤੋਂ ਤਿੰਨ ਗੁਣਾ ਅਪ੍ਰਤੱਖ ਰੋਜ਼ਗਾਰ ਪੈਦਾ ਹੋਣਗੇ। ਇਲੈਕਟ੍ਰਾਨਿਕ ਕੰਪੋਨੈਂਟਸ ਹਿੱਸੇ 'ਚ ਛੇ ਕੰਪਨੀਆਂ ਦੇ ਪ੍ਰਸਤਾਵਾਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਇਹ ਕੰਪਨੀਆਂ ਏਟੀ ਐਂਡ ਐੱਸ, ਅਸੈਂਟ ਸਰਕਿਟਸ, ਵਿਸਿਕਨ, ਵਾਲਸਿਨ, ਸਹਿਸਰਾ ਅਤੇ ਨਿਓਲਿੰਕ ਹਨ।


Sanjeev

Content Editor

Related News