ਸ਼ੇਅਰ ਬਾਜ਼ਰ 'ਚ ਭਾਰੀ ਗਿਰਾਵਟ, ਨਿਵੇਸ਼ਕਾਂ ਦੇ ਡੁੱਬੇ 2.46 ਲੱਖ ਕਰੋੜ ਰੁਪਏ

06/17/2019 7:18:59 PM

ਮੁੰਬਈ-ਭਾਰਤ ਅਤੇ ਅਮਰੀਕਾ ਵਿਚਾਲੇ ਵਪਾਰ ਤਣਾਅ ਵਧਾਉਣ ਦੀ ਸ਼ੱਕ 'ਚ ਸੋਮਵਾਰ ਨੂੰ ਸ਼ੇਅਰ ਬਾਜ਼ਾਰ 'ਚ ਹੋਈ ਭਾਰੀ ਬਿਕਵਾਲੀ 'ਚ ਨਿਵੇਸ਼ਕਾਂ ਦੇ 2.46 ਲੱਖ ਕਰੋੜ ਰੁਪਏ ਡੁੱਬ ਗਏ। ਸ਼ੇਅਰ ਬਾਜ਼ਾਰ 'ਚ ਆਏ ਇਸ ਭੂਚਾਲ ਨਾਲ ਬੀ.ਐੱਸ.ਈ. 'ਚ ਸੂਬੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ 2.46 ਲੱਖ ਕਰੋੜ ਰੁਪਏ ਘਟ ਗਿਆ। 30 ਮਈ ਨੂੰ ਕੇਂਦਰ 'ਚ ਮੋਦੀ ਸਰਕਾਰ ਦੇ ਸਹੁੰ ਲੈਣ ਦੇ ਨਾਲ ਹੀ ਨਿਵੇਸ਼ਕਾਂ 'ਚ ਛਾਏ ਉਤਸ਼ਾਹ ਨਾਲ ਸੈਂਸੈਕਸ ਨੇ ਨਵੀਆਂ ਉਚਾਈਆਂ ਨੂੰ ਛੂਹਣਾ ਸ਼ੁਰੂ ਕਰ ਦਿੱਤਾ। ਜੂਨ ਮਹੀਨੇ 'ਚ ਇਹ ਪਹਿਲੇ ਕਾਰੋਬਾਰ ਸੈਸ਼ਨ 'ਚ 3 ਜੂਨ ਨੂੰ 40,267 ਅੰਕਾਂ 'ਤੇ ਜਾ ਕੇ ਬੰਦ ਹੋਇਆ ਪਰ ਇਸ ਤੋਂ ਬਾਅਦ ਬਾਜ਼ਾਰ 'ਚ ਮੰਦੀ ਦਾ ਦੌਰ ਸ਼ੁਰੂ ਹੋ ਗਿਆ। 4 ਜੂਨ ਨੂੰ ਇਹ ਡਿੱਗ ਕੇ 40,083 ਅੰਕਾਂ 'ਤੇ ਬੰਦ ਹੋਇਆ। ਹਾਲਾਂਕਿ ਇਸ ਦਿਨ ਸੈਂਸੈਕਸ 40,312 ਅੰਕਾਂ ਦੇ ਹੁਣ ਤੱਕ ਦੇ ਉੱਚ ਪੱਧਰ 'ਤੇ ਵੀ ਪੁੱਜਾ।

ਇਸ ਤੋਂ ਬਾਅਦ 6 ਜੂਨ ਨੂੰ ਇਹ ਫਿਰ ਡਿੱਗ ਕੇ 39,529 'ਤੇ ਬੰਦ ਹੋਇਆ। 7 ਜੂਨ ਨੂੰ ਇਸ 'ਚ ਮਾਮੂਲੀ ਵਾਧਾ ਦਰਜ ਕੀਤਾ ਗਿਆ ਅਤੇ ਇਹ 39,615 ਅੰਕਾਂ 'ਤੇ ਬੰਦ ਹੋਇਆ। ਇਸ ਦੇ ਅਗਲੇ ਸੈਸ਼ਨ 'ਚ 10 ਜੂਨ ਨੂੰ ਸੈਂਸੈਕਸ 'ਚ ਫਿਰ ਤੇਜ਼ੀ ਦਿਸੀ ਅਤੇ ਇਹ 39,784 ਅੰਕਾਂ 'ਤੇ ਜਾ ਕੇ ਬੰਦ ਹੋਇਆ। 11 ਜੂਨ ਨੂੰ ਇਕ ਵਾਰ ਫਿਰ ਸੈਂਸੈਕਸ 40,000 ਬਣਨ ਨਾਲ ਖੁੰਝਿਆ ਅਤੇ 39,950 ਅੰਕਾਂ 'ਤੇ ਜਾ ਕੇ ਬੰਦ ਹੋਇਆ। ਇਸ ਤੋਂ ਬਾਅਦ ਲਗਾਤਾਰ ਸੈਂਸੈਕਸ 'ਚ ਗਿਰਾਵਟ ਹੁੰਦੀ ਚੱਲੀ ਗਈ। 12 ਜੂਨ ਨੂੰ ਇਹ ਡਿੱਗ ਕੇ 39,756 'ਤੇ ਬੰਦ ਹੋਇਆ। 13 ਜੂਨ ਨੂੰ ਸੈਂਸੈਕਸ ਫਿਰ ਟੁੱਟਿਆ ਅਤੇ 39,741 ਅੰਕਾਂ 'ਤੇ ਬੰਦ ਹੋਇਆ। 14 ਜੂਨ ਨੂੰ ਸੈਂਸੈਕਸ 'ਚ 289 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਇਹ 39,452 ਅੰਕਾਂ 'ਤੇ ਬੰਦ ਹੋਇਆ। ਇਸ ਤੋਂ ਬਾਅਦ ਸੋਮਵਾਰ 17 ਜੂਨ ਨੂੰ ਇਕ ਵਾਰ ਫਿਰ ਇਹ 491.28 ਅੰਕ ਟੁੱਟ ਕੇ 39 ਹਜ਼ਾਰ ਨੇ ਹੇਠਾਂ ਆ ਗਿਆ।

ਇਸ ਤਰ੍ਹਾਂ ਇਨ੍ਹਾਂ 10 ਸੈਸ਼ਨਾਂ 'ਚ ਸੈਂਸੈਕਸ ਹੁਣ ਤੱਕ 1307 ਅੰਕ ਟੁੱਟ ਚੁੱਕਾ ਹੈ। ਬੀਤੇ 10 ਕਾਰੋਬਾਰੀ ਸੈਸ਼ਨਾਂ 'ਚ ਸੈਂਸੈਕਸ ਦੀ ਗਿਰਾਵਟ ਨਾਲ ਹੁਣ ਤੱਕ ਵੱਡਾ ਨੁਕਸਾਨ ਹੋ ਚੁੱਕਾ ਹੈ। ਬੀ. ਐੱਸ. ਈ. ਦੀ ਵੈਬਸਾਈਟ 'ਤੇ ਉਪਲਬਧ ਡਾਟੇ ਅਨੁਸਾਰ 3 ਜੂਨ ਤੋਂ 17 ਜੂਨ ਤੱਕ 10 ਕਾਰੋਬਾਰੀ ਸੈਸ਼ਨਾਂ 'ਚ ਨਿਵੇਸ਼ਕਾਂ ਨੂੰ 6 ਲੱਖ 5 ਹਜ਼ਾਰ 998 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਵੈਬਸਾਈਟ ਅਨੁਸਾਰ 3 ਜੂਨ ਨੂੰ ਕਾਰੋਬਾਰ ਦੀ ਆਖਰ 'ਤੇ ਬੀ. ਐੱਸ. ਈ. ਦਾ ਮਾਰਕੀਟ ਕੈਪ 1,56,14,416.92 ਕਰੋੜ ਰੁਪਏ ਸੀ, ਜੋ ਹੁਣ ਤੱਕ ਗਿਰਾਵਟ ਤੋਂ ਬਾਅਦ 17 ਜੂਨ ਨੂੰ 1,50,08,418.43 ਕਰੋੜ ਰੁਪਏ 'ਤੇ ਆ ਗਿਆ ਹੈ।
 


Karan Kumar

Content Editor

Related News