2008 ਤੋਂ ਬਾਅਦ ਪਹਿਲੀ ਵਾਰ ਡਿੱਗੀ ਸਮਾਰਟਫੋਨਸ ਦੀ ਕੌਮਾਂਤਰੀ ਵਿਕਰੀ

01/28/2020 9:07:31 PM

ਨਵੀਂ ਦਿੱਲੀ (ਇੰਟ.)-ਸਮਾਰਟਫੋਨਸ ਦੀ ਕੌਮਾਂਤਰੀ ਵਿਕਰੀ 2008 ਤੋਂ ਬਾਅਦ 2019 ’ਚ ਪਹਿਲੀ ਵਾਰ 2 ਫ਼ੀਸਦੀ ਘੱਟ ਹੋਈ ਹੈ। ਖੋਜ ਅਤੇ ਸਲਾਹਕਾਰ ਕੰਪਨੀ ਗਾਰਟਨਰ ਨੇ ਇਸ ਬਾਰੇ ਇਕ ਰਿਪੋਰਟ ਜਾਰੀ ਕਰਦਿਆਂ ਦੱਸਿਆ ਕਿ 2019 ਸਮਾਰਟਫੋਨ ਵਿਕਰੇਤਾਵਾਂ ਲਈ ਇਕ ਚੁਣੌਤੀ ਭਰਿਆ ਸਾਲ ਸੀ ਪਰ 2019 ਦੇ ਮੁਕਾਬਲੇ 3 ਫ਼ੀਸਦੀ ਵਾਧੇ ਨਾਲ 2020 ’ਚ ਦੁਨੀਆਭਰ ’ਚ ਸਮਾਰਟਫੋਨ ਦਾ ਅੰਕੜਾ 1.57 ਅਰਬ ਯੂਨਿਟ ਹੋਣ ਦੀ ਉਮੀਦ ਹੈ।

ਗਾਰਟਨਰ ਨੇ ਕਿਹਾ ਕਿ 2020 ’ਚ ਜ਼ਿਆਦਾਤਰ ਦੇਸ਼ਾਂ ’ਚ 5-ਜੀ ਨੈੱਟਵਰਕ ਕਵਰੇਜ ਆਉਣ ਤੋਂ ਬਾਅਦ ਉਮੀਦ ਹੈ ਕਿ ਬਾਜ਼ਾਰ ਫਿਰ ਤੋਂ ਵਾਧਾ ਕਰੇਗਾ ਕਿਉਂਕਿ ਜਿਨ੍ਹਾਂ ਗਾਹਕਾਂ ਨੇ ਫੋਨ ਖਰੀਦ ਨੂੰ ਟਾਲਿਆ ਹੋਇਆ ਸੀ, ਉਹ 2020 ’ਚ ਫੋਨ ਦੀਆਂ ਕੀਮਤਾਂ ਘੱਟ ਹੋਣ ਦੀ ਉਡੀਕ ਕਰ ਰਹੇ ਹਨ। ਗਾਰਟਨਰ ਨੇ ਅੰਦਾਜ਼ਾ ਲਾਇਆ ਹੈ ਕਿ 2020 ’ਚ 5-ਜੀ ਮੋਬਾਇਲ ਫੋਨ ਦੀ ਸੇਲ 22.1 ਕਰੋਡ਼ ਹੋਵੇਗੀ। ਇਹ ਕੁਲ ਮੋਬਾਇਲ ਫੋਨ ਦੀ ਵਿਕਰੀ ਦਾ 12 ਫ਼ੀਸਦੀ ਹੋਵੇਗਾ ਅਤੇ 2021 ’ਚ ਇਹ ਵਿਕਰੀ ਦੁੱਗਣੇ ਤੋਂ ਵੀ ਜ਼ਿਆਦਾ ਹੋ ਕੇ 48.9 ਕਰੋਡ਼ ਯੂਨਿਟ ਹੋਵੇਗੀ।

ਵਧੇਗੀ 5-ਜੀ ਸਮਾਰਟਫੋਨ ਦੀ ਵਿਕਰੀ
ਗਾਰਟਨਰ ’ਚ ਰਿਸਰਚ ਵਾਈਸ ਪ੍ਰੈਜ਼ੀਡੈਂਟ ਏਨੇਟ ਜਿਮਰਮੈਨ ਨੇ ਕਿਹਾ ਕਿ 2020 ’ਚ 5-ਜੀ ਫੋਨ ਦਾ ਵਪਾਰੀਕਰਨ ਤੇਜ਼ ਹੋਵੇਗਾ। 300 ਡਾਲਰ ਤੋਂ ਘੱਟ ਕੀਮਤ ਵਾਲੇ 5-ਜੀ ਸਮਾਰਟਫੋਨਸ ਦਾ ਐਲਾਨ ਕੀਤਾ ਜਾਵੇਗਾ, ਜਿਸ ਕਰ ਕੇ ਉਮੀਦ ਕੀਤੀ ਜਾ ਸਕਦੀ ਹੈ ਕਿ 12 ਮਹੀਨਿਆਂ ਦੇ ਸਮੇਂ ’ਚ 5-ਜੀ ਫੋਨ ਦੀ ਸੇਲਸ ਗ੍ਰੋਥ 4-ਜੀ ਫੋਨ ਤੋਂ ਜ਼ਿਆਦਾ ਹੋ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ 2020 ’ਚ ਸਮਾਰਟਫੋਨ ਦੀ ਵਿਕਰੀ ਦੇ ਮਾਮਲੇ ’ਚ ਗਰੇਟਰ ਚੀਨ ਅਤੇ ਉਭਰਦਾ ਹੋਇਆ ਏਸ਼ੀਆ/ਪੈਸੇਫਿਕ ਬਾਜ਼ਾਰ ਆਪਣਾ ਪਹਿਲਾ ਅਤੇ ਦੂਜਾ ਸਥਾਨ ਬਣਾਈ ਰੱਖਣਗੇ। ਇਨ੍ਹਾਂ ਖੇਤਰਾਂ ’ਚ ਇਨ੍ਹਾਂ ਦੀ ਵਿਕਰੀ ਕ੍ਰਮਵਾਰ 43.23 ਕਰੋਡ਼ ਅਤੇ 37.68 ਕਰੋਡ਼ ਰਹੇਗੀ।


Karan Kumar

Content Editor

Related News