PPF ਤੇ ਸਮਾਲ ਸਕੀਮਾਂ ਦੇ ਨਿਵੇਸ਼ਕਾਂ ਲਈ ਬੁਰੀ ਖਬਰ, ਨਹੀਂ ਵਧੇ ਰੇਟ

07/02/2018 3:47:33 PM

ਨਵੀਂ ਦਿੱਲੀ— ਜੇਕਰ ਤੁਸੀਂ ਪੀ. ਪੀ. ਐੱਫ., ਐੱਨ. ਐੱਸ. ਸੀ. ਜਾਂ ਸੁਕੰਨਿਆ ਸਮਰਿਧੀ ਵਰਗੀ ਕੋਈ ਛੋਟੀ ਬਚਤ ਸਕੀਮ ਕਰਾਈ ਹੈ, ਤਾਂ ਇਸ ਵਾਰ ਵੀ ਤੁਹਾਨੂੰ ਪਿਛਲੀ ਵਾਰ ਵਾਲਾ ਵਿਆਜ ਹੀ ਮਿਲੇਗਾ। ਸਰਕਾਰ ਨੇ ਜੁਲਾਈ-ਸਤੰਬਰ ਤਿਮਾਹੀ ਲਈ ਵਿਆਜ ਦਰਾਂ ਨੂੰ ਬਰਕਰਾਰ ਰੱਖਿਆ ਹੈ। ਹਾਲਾਂਕਿ ਬਾਂਡ ਯੀਲਡ ਵਧਣ ਦੇ ਮੱਦੇਨਜ਼ਰ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਸਰਕਾਰ ਇਸ ਵਾਰ ਛੋਟੀਆਂ ਬਚਤ ਸਕੀਮਾਂ 'ਤੇ ਵਿਆਜ ਦਰਾਂ ਵਧਾ ਦੇਵੇਗੀ। ਸਰਕਾਰ ਹਰ ਤਿਮਾਹੀ ਪਬਲਿਕ ਪ੍ਰੋਵੀਡੈਂਟ ਫੰਡ (ਪੀ. ਪੀ. ਐੱਫ.), ਰਾਸ਼ਟਰੀ ਬਚਤ ਸਰਟੀਫਿਕੇਟ (ਐੱਨ. ਐੱਸ. ਸੀ.), ਸੀਨੀਅਰ ਸਿਟੀਜ਼ਨ ਬਚਤ ਸਕੀਮ, ਕਿਸਾਨ ਵਿਕਾਸ ਪੱਤਰ ਅਤੇ ਸੁਕੰਨਿਆ ਸਮਰਿਧੀ ਵਰਗੀਆਂ ਸਕੀਮਾਂ 'ਤੇ ਵਿਆਜ ਦਰਾਂ ਵਧਾਉਣ ਜਾਂ ਘਟਾਉਣ ਦਾ ਫੈਸਲਾ ਲੈਂਦੀ ਹੈ।

1 ਜੁਲਾਈ 2018 ਤੋਂ 30 ਸਤੰਬਰ 2018 ਤਕ ਪੀ. ਪੀ. ਐੱਫ. 'ਤੇ 7.6 ਫੀਸਦੀ ਵਿਆਜ ਹੀ ਮਿਲੇਗਾ। ਇਸੇ ਤਰ੍ਹਾਂ ਸੁਕੰਨਿਆ ਸਮਰਿਧੀ ਖਾਤੇ 'ਤੇ 8.1 ਫੀਸਦੀ, ਰਾਸ਼ਟਰੀ ਬਚਤ ਸਰਟੀਫਿਕੇਟ 'ਤੇ 7.6 ਫੀਸਦੀ ਅਤੇ ਕਿਸਾਨ ਵਿਕਾਸ ਪੱਤਰ 'ਤੇ 7.3 ਫੀਸਦੀ ਵਿਆਜ ਮਿਲੇਗਾ। ਪੀ. ਪੀ. ਐੱਫ., ਰਾਸ਼ਟਰੀ ਬਚਤ ਸਰਟੀਫਿਕੇਟ, ਕਿਸਾਨ ਵਿਕਾਸ ਪੱਤਰ ਅਤੇ ਸੀਨੀਅਰ ਸਿਟੀਜ਼ਨਸ ਬਚਤ ਸਕੀਮ ਸਭ ਸਰਕਾਰੀ ਬਾਂਡ ਯੀਲਡ ਨਾਲ ਲਿੰਕਡ ਹਨ। ਤੇਲ ਕੀਮਤਾਂ 'ਚ ਤੇਜ਼ੀ, ਵਿੱਤੀ ਘਾਟਾ ਅਤੇ ਮਹਿੰਗਾਈ ਵਧਣ ਦੀ ਚਿੰਤਾ ਦੇ ਮੱਦੇਨਜ਼ਰ ਪਿਛਲੇ ਸਾਲ ਤੋਂ ਬਾਂਡ ਯੀਲਡ 'ਚ ਤੇਜ਼ੀ ਹੈ। ਪਿਛਲੇ ਮਹੀਨੇ 10 ਸਾਲਾਂ ਦੀ ਬਾਂਡ ਯੀਲਡ 8 ਫੀਸਦੀ ਤੋਂ ਉਪਰ ਚਲੀ ਗਈ ਸੀ, ਜਿਸ ਕਾਰਨ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਛੋਟੀਆਂ ਬਚਤ ਸਕੀਮਾਂ 'ਤੇ ਵਿਆਜ ਦਰਾਂ ਨੂੰ ਵਧਾਇਆ ਜਾ ਸਕਦਾ ਹੈ। ਹਾਲਾਂਕਿ ਮਾਹਰਾਂ ਦਾ ਮੰਨਣਾ ਹੈ ਕਿ ਇਸ ਦੇ ਬਾਵਜੂਦ ਪੀ. ਪੀ. ਪੀ. ਨਿਵੇਸ਼ ਇਕ ਚੰਗੀ ਆਕਰਸ਼ਕ ਸਕੀਮ ਰਹੇਗੀ।