ਨੌਕਰੀਪੇਸ਼ਾ ਲੋਕਾਂ ਨੂੰ ਮਿਲੇਗਾ ਤੋਹਫਾ, PF 'ਤੇ ਹੋ ਸਕਦੈ ਵੱਡਾ ਫੈਸਲਾ!

02/12/2019 10:23:04 AM

ਨਵੀਂ ਦਿੱਲੀ— ਪ੍ਰਾਈਵੇਟ ਨੌਕਰੀਪੇਸ਼ਾ ਲੋਕਾਂ ਨੂੰ ਸਰਕਾਰ ਜਲਦ ਹੀ ਚੁਣਾਵੀ ਤੋਹਫਾ ਦੇ ਸਕਦੀ ਹੈ। ਜਾਣਕਾਰੀ ਮੁਤਾਬਕ, ਸਰਕਾਰ ਵਿੱਤੀ ਸਾਲ 2018-19 ਲਈ ਪੀ. ਐੱਫ. 'ਤੇ ਦਿੱਤੇ ਜਾਣ ਵਾਲੇ ਵਿਆਜ ਨੂੰ ਵਧਾ ਸਕਦੀ ਹੈ। ਸੂਤਰਾਂ ਮੁਤਾਬਕ, ਪੀ. ਐੱਫ. 'ਤੇ ਵਿਆਜ ਦਰ ਨਿਰਧਾਰਤ ਕਰਨ ਦਾ ਪ੍ਰਸਤਾਵ 21 ਫਰਵਰੀ ਨੂੰ ਕਰਮਚਾਰੀ ਭਵਿੱਖ ਫੰਡ ਸੰਗਠਨ ਦੇ ਉੱਚ ਟਰੱਸਟੀ ਬੋਰਡ ਦੀ ਹੋਣ ਵਾਲੀ ਬੈਠਕ 'ਚ ਆ ਸਕਦਾ ਹੈ।

ਲੋਕ ਸਭਾ ਚੋਣਾਂ ਤੋਂ ਪਹਿਲਾਂ ਪ੍ਰਾਈਵੇਟ ਨੌਕਰੀਪੇਸ਼ਾ ਲੋਕਾਂ ਨੂੰ ਖੁਸ਼ ਕਰਨ ਲਈ ਵਿਆਜ ਦਰਾਂ 'ਚ ਵਾਧਾ ਕੀਤਾ ਜਾ ਸਕਦਾ ਹੈ। ਇਸ ਨਾਲ ਲਗਭਗ 6 ਕਰੋੜ ਪੀ. ਐੱਫ. ਖਾਤਾ ਧਾਰਕਾਂ ਨੂੰ ਫਾਇਦਾ ਹੋਵੇਗਾ। ਹਾਲਾਂਕਿ ਕੁਝ ਸੂਤਰਾਂ ਦਾ ਕਹਿਣਾ ਹੈ ਕਿ ਪੀ. ਐੱਫ. ਜਮ੍ਹਾ 'ਤੇ 2018-19 ਲਈ ਵਿਆਜ ਦਰ ਨੂੰ 8.55 ਫੀਸਦੀ 'ਤੇ ਕਾਇਮ ਰੱਖਿਆ ਜਾ ਸਕਦਾ ਹੈ। ਪਿਛਲੇ ਸਾਲ ਵੀ ਪੀ. ਐੱਫ. ਜਮ੍ਹਾ 'ਤੇ ਇੰਨਾ ਹੀ ਵਿਆਜ ਮਿਲਿਆ ਸੀ। 
ਇਕ ਸੂਤਰ ਨੇ ਕਿਹਾ ਕਿ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਇਸ ਵਿੱਤੀ ਸਾਲ ਲਈ ਵਿਆਜ ਦਰ 2017-18 ਦੇ ਬਰਾਬਰ 8.55 ਫੀਸਦੀ 'ਤੇ ਬਰਕਰਾਰ ਰੱਖੀ ਜਾ ਸਕਦੀ ਹੈ ਪਰ ਇਸ ਦੇ ਵਧਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਕਿਰਤ ਮੰਤਰੀ ਦੀ ਅਗਵਾਈ ਵਾਲਾ ਕੇਂਦਰੀ ਟਰੱਸਟੀ ਬੋਰਡ (ਸੀ. ਬੀ. ਟੀ.) ਕਰਮਚਾਰੀ ਭਵਿੱਖ ਫੰਡ ਸੰਗਠਨ (ਈ. ਪੀ. ਐੱਫ. ਓ.) ਦੇ ਫੈਸਲੇ ਲੈਣ ਵਾਲੀ ਉੱਚ ਸੰਸਥਾ ਹੈ। ਇਹ ਵਿੱਤੀ ਸਾਲ ਲਈ ਪੀ. ਐੱਫ. ਜਮ੍ਹਾ 'ਤੇ ਵਿਆਜ ਦਰ ਨੂੰ ਅੰਤਿਮ ਰੂਪ ਦਿੰਦੀ ਹੈ। ਸੀ. ਬੀ. ਟੀ. ਦੀ ਮਨਜ਼ੂਰੀ ਮਗਰੋਂ ਇਸ 'ਤੇ ਵਿੱਤ ਮੰਤਰਾਲਾ ਦੀ ਸਹਿਮਤੀ ਲਈ ਜਾਂਦੀ ਹੈ ਅਤੇ ਫਿਰ ਈ. ਪੀ. ਐੱਫ. ਓ. ਖਾਤਾ ਧਾਰਕਾਂ ਦੀ ਜਮ੍ਹਾ ਰਾਸ਼ੀ 'ਤੇ ਬਣਨ ਵਾਲਾ ਵਿਆਜ ਖਾਤੇ 'ਚ ਪਾ ਦਿੰਦਾ ਹੈ।