ਬੈਂਕ FD ਤੋਂ ਪਿੱਛੋਂ ਹੁਣ ਲੱਗੇਗਾ ਇਹ ''ਵੱਡਾ ਝਟਕਾ'', ਸਰਕਾਰ ਘਟਾ ਸਕਦੀ ਹੈ ਦਰਾਂ

03/16/2020 3:25:09 PM

ਨਵੀਂ ਦਿੱਲੀ— ਬੈਂਕਾਂ 'ਚ ਐੱਫ. ਡੀ. 'ਤੇ ਵਿਆਜ ਦਰਾਂ ਘਟਣ ਪਿੱਛੋਂ ਹੁਣ ਡਾਕਘਰ ਜਾਂ ਬੈਂਕਾਂ 'ਚ ਸਰਕਾਰ ਵੱਲੋਂ ਚਲਾਈ ਜਾ ਰਹੀਆਂ ਡਿਪਾਜ਼ਿਟ ਸਕੀਮਾਂ 'ਤੇ ਵੀ ਜ਼ੋਰਦਾਰ ਝਟਕਾ ਲੱਗ ਸਕਦਾ ਹੈ। ਵਿੱਤ ਮੰਤਰਾਲਾ ਪੀ. ਪੀ. ਐੱਫ., ਸੁਕੰਨਿਆ ਸਮਰਿਧੀ ਯੋਜਨਾ, ਡਾਕਘਰ ਡਿਪਾਜ਼ਿਟ ਸਕੀਮ, ਸੀਨੀਅਰ ਸਿਟੀਜ਼ਨ ਸਕੀਮ, ਰਾਸ਼ਟਰੀ ਬਚਤ ਸਰਟੀਫਿਕੇਟ ਵਰਗੀਆਂ ਬਚਤ ਸਕੀਮਾਂ 'ਤੇ ਵਿਆਜ ਦਰਾਂ ਘਟਾ ਸਕਦਾ ਹੈ। ਹਾਲਾਂਕਿ, ਬੈਂਕ ਫਿਕਸਡ ਡਿਪਾਜ਼ਿਟ ਦਰਾਂ ਤੋਂ ਇਨ੍ਹਾਂ 'ਤੇ ਵਿਆਜ ਦਰ ਬਿਹਤਰ ਹੀ ਰਹਿ ਸਕਦੀ ਹੈ।

ਜਾਣਕਾਰੀ ਮੁਤਾਬਕ, ਵਿੱਤ ਮੰਤਰਾਲਾ ਅਪ੍ਰੈਲ-ਜੂਨ ਤਿਮਾਹੀ ਲਈ ਲਘੂ ਬਚਤ ਯੋਜਨਾਵਾਂ 'ਤੇ ਵਿਆਜ ਦਰਾਂ 'ਚ ਕਟੌਤੀ ਕਰ ਸਕਦਾ ਹੈ। ਇਸ ਤੋਂ ਪਹਿਲਾਂ ਸਰਕਾਰ ਨੇ 2019 ਦੀ ਜੁਲਾਈ-ਸਤੰਬਰ ਤਿਮਾਹੀ 'ਚ 12 ਲਘੂ ਬਚਤ ਯੋਜਨਾਵਾਂ 'ਚੋਂ ਇਕ ਨੂੰ ਛੱਡ ਕੇ ਬਾਕੀ ਸਭ ਯੋਜਨਾਵਾਂ ਦੀਆਂ ਵਿਆਜ ਦਰਾਂ 'ਚ ਕਟੌਤੀ ਕੀਤੀ ਸੀ। ਉੱਥੇ ਹੀ, ਅਕਤੂਬਰ-ਦਸੰਬਰ 2019 ਤੇ ਜਨਵਰੀ-ਮਾਰਚ 2020 ਲਈ ਦਰਾਂ ਨੂੰ ਬਰਕਰਾਰ ਰੱਖਿਆ ਗਿਆ ਸੀ। ਸੂਤਰਾਂ ਮੁਤਾਬਕ, ਲਘੂ ਬਚਤ ਯੋਜਨਾਵਾਂ ਦੀ ਵਿਆਜ ਦਰ 'ਚ ਕਟੌਤੀ ਦਾ ਵਿਚਾਰ ਕੀਤਾ ਜਾ ਰਿਹਾ ਹੈ। ਇਸ ਤਿਮਾਹੀ ਅਪ੍ਰੈਲ-ਜੂਨ ਲਈ ਵਿਆਜ ਦਰਾਂ ਦਾ ਨੋਟੀਫਿਕੇਸ਼ਨ 31 ਮਾਰਚ ਨੂੰ ਜਾਰੀ ਹੋਣ ਦੀ ਸੰਭਾਵਨਾ ਹੈ।

 

ਇਹ ਵੀ ਪੜ੍ਹੋ ►ਕੋਰੋਨਾ ਦੇ ਟੈਸਟ ਤੋਂ ਇਨਕਾਰ ਕਰਨ 'ਤੇ ਲੱਗ ਸਕਦਾ ਹੈ 91 ਹਜ਼ਾਰ ਜੁਰਮਾਨਾ ►ਸੈਂਸੈਕਸ ਸ਼ੁਰੂ ਵਿਚ 1,400 ਤੋਂ ਵੱਧ ਅੰਕ ਡਿੱਗਾ, 'ਨਿਫਟੀ' ਵੀ ਧੜੰਮ, ਡਾਲਰ ਦਾ ਰੇਟ ਇੰਨਾ

ਬੈਂਕ FD ਤੋਂ ਇੰਨਾ ਵੱਧ ਮਿਲਦਾ ਹੈ ਫਾਇਦਾ
ਬੈਂਕਾਂ 'ਚ ਐੱਫ. ਡੀ. 'ਤੇ ਜਿੱਥੇ ਵੱਧ ਤੋਂ ਵੱਧ ਦਰ 6.50 ਫੀਸਦੀ ਰਹਿ ਗਈ ਹੈ। ਉੱਥੇ ਹੀ, ਫਿਲਹਾਲ ਡਾਕਘਰ 'ਚ 1 ਸਾਲ ਤੋਂ 3 ਸਾਲਾ ਦੇ ਟਾਈਮ ਡਿਪਾਜ਼ਿਟ 'ਤੇ 6.9 ਫੀਸਦੀ ਵਿਆਜ ਦਰ ਹੈ। 5 ਸਾਲ ਦੇ ਟਾਈਮ ਡਿਪਾਜ਼ਿਟ 'ਤੇ 7.7 ਫੀਸਦੀ ਵਿਆਜ ਦਰ ਹੈ। ਡਾਕਘਰ ਦੀ ਟਾਇਮ ਡਿਪਾਜ਼ਿਟ ਸਕੀਮ ਵੀ ਬੈਂਕ ਐੱਫ. ਡੀ. ਦੀ ਤਰ੍ਹਾਂ ਹੁੰਦੀ ਹੈ, ਸਿਰਫ ਫਰਕ ਇੰਨਾ ਹੈ ਕਿ ਡਾਕਘਰ ਦੇ ਟਾਈਮ ਡਿਪਾਜ਼ਿਟ ਲਈ ਵਿਆਜ ਦਰ ਸਰਕਾਰ ਵੱਲੋਂ ਨਿਰਧਾਰਤ ਕੀਤੀ ਜਾਂਦੀ ਹੈ ਅਤੇ ਇਸ 'ਤੇ ਬੈਂਕ ਐੱਫ. ਡੀ. ਨਾਲੋਂ ਹੁਣ ਤੱਕ ਵੱਧ ਹੀ ਵਿਆਜ ਮਿਲਦਾ ਰਿਹਾ ਹੈ।
ਮੌਜੂਦਾ ਸਮੇਂ ਕਿਸਾਨ ਵਿਕਾਸ ਪੱਤਰ ਯੋਜਨਾ 'ਤੇ 7.6 ਫੀਸਦੀ, ਰਾਸ਼ਟਰੀ ਬਚਤ ਸਰਟੀਫਿਕੇਟ ਅਤੇ ਪੀ. ਪੀ. ਐੱਫ. 'ਤੇ 7.9 ਫੀਸਦੀ ਅਤੇ ਸੁਕੰਨਿਆ ਸਮਰਿਧੀ ਸਕੀਮ 'ਤੇ 8.4 ਫੀਸਦੀ, ਇਸ ਤੋਂ ਇਲਾਵਾ ਸੀਨੀਅਰ ਸਿਟੀਜ਼ਨ ਬਚਤ ਸਕੀਮ 'ਤੇ 8.6 ਫੀਸਦੀ ਵਿਆਜ ਦਰਾਂ ਹਨ।
 

ਇਹ ਵੀ ਪੜ੍ਹੋ ► ਯੂਰਪ ਤੋਂ ਮੁੜਨਾ ਹੋ ਸਕਦਾ ਹੈ ਔਖਾ, 2 ਹੋਰ ਦੇਸ਼ਾਂ ਵਿਚ ਘਰੋਂ ਨਿਕਲਣ 'ਤੇ ਪਾਬੰਦੀ ►17 ਮਾਰਚ ਤੋਂ ਕਈ ਫਲਾਈਟਾਂ ਰੱਦ, ਨਹੀਂ ਜਾ ਸਕੋਗੇ ਇਟਲੀ, ਫਰਾਂਸ, ਦੁਬਈ!