ਇੰਫੋਸਿਸ 14 ਅਪ੍ਰੈਲ ਨੂੰ ਸਟਾਕ ਪੁਨਰ ਖ਼ਰੀਦ ਦਾ ਕਰ ਸਕਦੀ ਹੈ ਵੱਡਾ ਐਲਾਨ

04/12/2021 2:39:47 PM

ਨਵੀਂ ਦਿੱਲੀ- ਸੂਚਨਾ ਤਕਨਾਲੋਜੀ ਖੇਤਰ ਦੀ ਦਿੱਗਜ ਕੰਪਨੀ ਇੰਫੋਸਿਸ ਸ਼ੇਅਰਾਂ ਦੀ ਪੁਨਰ ਖ਼ਰੀਦ 'ਤੇ 14 ਅਪ੍ਰੈਲ ਨੂੰ ਵਿਚਾਰ ਕਰਨ ਵਾਲੀ ਹੈ। ਕੰਪਨੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਬੇਂਗਲੁਰੂ ਦੀ ਇਸ ਕੰਪਨੀ ਦੇ ਨਿਰਦੇਸ਼ਕ ਮੰਡਲ ਦੀ ਬੈਠਕ 13-14 ਨੂੰ ਹੋਵੇਗੀ। ਇਸ ਦੌਰਾਨ ਕੰਪਨੀ ਆਪਣੇ ਵਿੱਤੀ ਨਤੀਜਿਆਂ ਦੀ ਵੀ ਘੋਸ਼ਣਾ ਕਰੇਗੀ।

ਇਸ ਤੋਂ ਪਹਿਲਾਂ ਇੰਫੋਸਿਸ ਨੇ ਅਗਸਤ 2019 ਵਿਚ 8,260 ਕਰੋੜ ਰੁਪਏ ਮੁੱਲ ਦੇ 11.05 ਕਰੋੜ ਸ਼ੇਅਰਾਂ ਦੀ ਪੁਨਰ ਖ਼ਰੀਦ ਕੀਤੀ ਸੀ। ਕੰਪਨੀ ਦੀ ਪਹਿਲੀ ਸ਼ੇਅਰ ਪੁਨਰ ਖ਼ਰੀਦ ਦਸੰਬਰ 2017 ਵਿਚ 13,000 ਕਰੋੜ ਰੁਪਏ ਮੁੱਲ ਦੀ ਹੋਈ ਸੀ। ਇਸ ਵਿਚ ਕੰਪਨੀ ਨੇ 1,150 ਰੁਪਏ ਪ੍ਰਤੀ ਇਕੁਇਟੀ ਦੇ ਮੁੱਲ 'ਤੇ 11.3 ਕਰੋੜ ਰੁਪਏ ਦੇ ਸ਼ੇਅਰਾਂ ਦੀ ਪੁਨਰ ਖ਼ਰੀਦ ਕੀਤੀ ਸੀ। ਪੁਨਰ ਖ਼ਰੀਦ ਨਾਲ ਉਨ੍ਹਾਂ ਰਿਟੇਲ ਨਿਵੇਸ਼ਕਾਂ ਨੂੰ ਵੀ ਫਾਇਦਾ ਹੋ ਸਕਦਾ ਹੈ ਜੋ ਮੁਨਾਫ਼ਾਵਸੂਲੀ ਨਾਲ ਕੰਪਨੀ ਦੇ ਸਟਾਕ ਵਿਚੋਂ ਨਿਕਲਣਾ ਚਾਹੁੰਦੇ ਹਨ।

ਇੰਫੋਸਿਸ ਵੱਲੋਂ ਸਟਾਕਸ ਦੀ ਪੁਨਰ ਖ਼ਰੀਦ ਦੀ ਖ਼ਬਰ ਮਗਰੋਂ ਸੋਮਵਾਰ ਨੂੰ ਕਾਰੋਬਾਰ ਦੇ ਸ਼ੁਰੂ ਵਿਚ ਸੈਂਸੈਕਸ ਵਿਚ ਕੰਪਨੀ ਦਾ ਸ਼ੇਅਰ 1,480 ਰੁਪਏ 'ਤੇ ਜਾ ਪੁੱਜਾ। ਹਾਲਾਂਕਿ, ਬਾਜ਼ਾਰ ਵਿਚ ਭਾਰੀ ਗਿਰਾਵਟ ਵਿਚ ਤਕਰੀਬਨ 12.55 ਵਜੇ ਇੰਫੋਸਿਸ ਦਾ ਸ਼ੇਅਰ 1.2 ਫ਼ੀਸਦੀ ਡਿੱਗ ਕੇ 1,423.40 ਰੁਪਏ 'ਤੇ ਟ੍ਰੇਡ ਕਰ ਰਿਹਾ ਸੀ। ਭਾਰਤ ਵਿਚ ਕੋਰੋਨਾ ਵਾਇਰਸ ਮਾਮਲੇ ਵਧਣ ਕਾਰਨ ਲਾਕਡਾਊਨ ਲੱਗਣ ਦੀ ਚਿੰਤਾ ਦੀ ਵਜ੍ਹਾ ਨਾਲ ਬਾਜ਼ਾਰ ਵਿਚ ਭਾਰੀ ਵਿਕਵਾਲੀ ਦੇਖਣ ਨੂੰ ਮਿਲੀ ਹੈ। ਉੱਥੇ ਹੀ, ਏਸ਼ੀਆਈ ਬਾਜ਼ਾਰਾਂ ਤੋਂ ਵੀ ਸੰਕੇਤ ਖ਼ਰਾਬ ਹੀ ਮਿਲੇ ਸਨ।
 

Sanjeev

This news is Content Editor Sanjeev