ਇੰਡੀਗੋ ਦਾ SonyLIV ਨਾਲ ਕਰਾਰ, ਮੁਸਾਫਰਾਂ ਨੂੰ ਮਿਲੇਗਾ ਮਨੋਰੰਜਨ ਦਾ ਮਜ਼ਾ

09/05/2019 11:45:32 AM

ਨਵੀਂ ਦਿੱਲੀ— ਹੁਣ ਇੰਡੀਗੋ ਯਾਤਰੀ ਸਫਰ ਦੌਰਾਨ ਤੇ ਹਵਾਈ ਅੱਡੇ 'ਤੇ ਬੋਰ ਨਹੀਂ ਹੋਣਗੇ ਕਿਉਂਕਿ ਕੰਪਨੀ ਨੇ ਇਨ੍ਹਾਂ ਦੇ ਮਨੋਰੰਜਨ ਲਈ ਇੰਤਜ਼ਾਮ ਕਰ ਦਿੱਤਾ ਹੈ। ਸਸਤੀ ਹਵਾਈ ਸਰਵਿਸ ਲਈ ਜਾਣੀ ਜਾਂਦੀ ਇੰਡੀਗੋ ਨੇ ਵੀਡੀਓ ਸਟ੍ਰੀਮਿੰਗ ਪਲੇਟਫਾਰਮ 'ਸੋਨੀ ਲਿਵ' ਨਾਲ ਸਮਝੌਤਾ ਕੀਤਾ ਹੈ। ਇੰਡੀਗੋ ਯਾਤਰੀ ਜੋ ਫਿਲਮਾਂ ਤੇ ਹੋਰ ਪ੍ਰੋਗਰਾਮ ਦੇਖਣ ਦਾ ਸ਼ੌਂਕ ਰੱਖਦੇ ਹਨ ਉਨ੍ਹਾਂ ਨੂੰ ਸਮਾਰਟ ਫੋਨ 'ਚ 'ਸੋਨੀ ਲਿਵ' ਡਾਊਨਲੋਡ ਕਰਨੀ ਹੋਵੇਗੀ ਤੇ ਫਲਾਈਟ ਫੜਨ ਤੋਂ ਪਹਿਲਾਂ ਇਕ ਛੋਟੀ ਜਿਹੀ ਕੀਮਤ ਯਾਨੀ 25 ਰੁਪਏ ਦਾ ਪੈਕ ਖਰੀਦਣਾ ਹੋਵੇਗਾ।

 

 

ਇਹ ਪੈਕ 7 ਦਿਨਾਂ ਦਾ ਹੋਵੇਗਾ, ਜਿਸ 'ਚ ਤੁਸੀਂ 'ਸੋਨੀ ਲਿਵ' 'ਤੇ ਮੌਜੂਦ ਅਨਲਿਮਟਿਡ ਪ੍ਰੀਮੀਅਮ ਪ੍ਰੋਗਰਾਮਾਂ ਅਤੇ ਫਿਲਮਾਂ ਦੇਖ ਸਕੋਗੇ। ਇਸ ਲਈ ਇੰਡੀਗੋ ਉਡਾਣ ਭਰਨ ਵਾਲਿਆਂ ਨੂੰ ਇਕ ਲਿੰਕ ਪ੍ਰਦਾਨ ਕਰੇਗੀ ਜਿਸ ਰਾਹੀਂ ਉਹ ਸਿਰਫ 25 ਰੁਪਏ ਚੁੱਕਾ ਕੇ ਹਫਤੇ ਦਾ ਪੈਕ ਖਰੀਦ ਸਕਣਗੇ। ਹਾਲਾਂਕਿ, ਹਵਾਈ ਜਹਾਜ਼ ਕੰਪਨੀ ਨੇ ਫਿਲਹਾਲ ਇਹ ਜਾਣਕਾਰੀ ਨਹੀਂ ਦਿੱਤੀ ਕਿ ਇਹ ਸਰਵਿਸ ਕਦੋਂ ਸ਼ੁਰੂ ਹੋਵੇਗੀ। ਇੰਡੀਗੋ ਦਾ ਕਹਿਣਾ ਹੈ ਕਿ ਉਹ ਇਹ ਸਰਵਿਸ ਸ਼ੁਰੂ ਕਰਨ ਜਾ ਰਹੀ ਹੈ, ਜਿਸ ਦੀ ਘੋਸ਼ਣਾ ਵੀ ਜਲਦ ਹੀ ਕਰ ਦਿੱਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਵੀਡੀਓ ਸਟ੍ਰੀਮਿੰਗ ਬਾਜ਼ਾਰ 'ਚ ਮੌਜੂਦਾ ਸਮੇਂ 'ਸੋਨੀ ਲਿਵ' ਦੇ ਇਲਾਵਾ ਹੌਟ ਸਟਾਰ, ਨੈੱਟਫਲਿਕਸ, ਐਮਾਜ਼ੋਨ ਪ੍ਰਾਈਮ ਵੀ ਹਨ, ਜੋ ਗਾਹਕਾਂ ਨੂੰ ਸਮਾਰਟ ਫੋਨ ਜਾਂ ਟੈਬਲੇਟ 'ਤੇ ਬਹੁਤ ਸਾਰੇ ਪ੍ਰੋਗਰਾਮ ਅਤੇ ਫਿਲਮਾਂ ਦਾ ਮਨੋਰੰਜਨ ਉਪਲੱਬਧ ਕਰਵਾ ਰਹੇ ਹਨ। ਇੰਡੀਗੋ ਦੀ ਨਵੀਂ ਮਨੋਰੰਜਨ ਸੁਵਿਧਾ ਦਾ ਫਾਇਦਾ ਉਸ ਦੀ ਘਰੇਲੂ ਫਲਾਈਟ ਦੇ ਗਾਹਕਾਂ ਨੂੰ ਮਿਲੇਗਾ।