ਦੁਬਈ, ਨੇਪਾਲ ਤੇ ਸਿੰਗਾਪੁਰ ਤੋਂ ਸੋਨਾ ਖਰੀਦ ਰਹੇ ਭਾਰਤੀ, ਘਰੇਲੂ ਬਾਜ਼ਾਰ ’ਚ ਮੰਗ ’ਚ ਭਾਰੀ ਕਮੀ

01/12/2020 1:30:50 AM

ਚੇਨਈ (ਇੰਟ.)-ਭਾਰਤੀ ਹੁਣ ਦੁਬਈ, ਨੇਪਾਲ, ਸ਼੍ਰੀਲੰਕਾ, ਸਿੰਗਾਪੁਰ ਵਰਗੇ ਦੇਸ਼ਾਂ ਤੋਂ ਵੀ ਸੋਨਾ ਖਰੀਦਣ ਦਾ ਬਦਲ ਚੁਣ ਰਹੇ ਹਨ। ਇਸ ਕਾਰਣ ਘਰੇਲੂ ਬਾਜ਼ਾਰ ’ਚ ਸੋਨੇ ਦੀ ਮੰਗ ’ਚ ਭਾਰੀ ਕਮੀ ਆਈ ਹੈ। ਆਲ ਇੰਡੀਆ ਜੈੱਮਸ ਐਂਡ ਜਿਊਲਰੀ ਡੋਮੈਸਟਿਕ ਕਾਊਂਸਿਲ (ਏ. ਆਈ. ਜੀ. ਜੇ. ਸੀ.) ਦੇ ਚੇਅਰਮੈਨ ਅਨੰਤ ਪਦਮਨਾਭਨ ਨੇ ਕਿਹਾ ਕਿ ਪਿਛਲੇ ਛੇ ਮਹੀਨਿਆਂ ’ਚ ਘਰੇਲੂ ਰਤਨ ਅਤੇ ਗਹਿਣਾ ਉਦਯੋਗ ਦੀ ਮੰਗ ’ਚ 30 ਫੀਸਦੀ ਦੀ ਕਮੀ ਆਈ ਹੈ।

ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ‘‘ਅਸੀਂ ਪਹਿਲਾਂ ਹੀ ਪ੍ਰਧਾਨ ਮੰਤਰੀ ਦਫ਼ਤਰ, ਗ੍ਰਹਿ ਮੰਤਰੀ ਅਤੇ ਵਿੱਤ ਮੰਤਰੀ ਨਾਲ ਸੰਪਰਕ ਕੀਤਾ ਸੀ ਅਤੇ ਇੰਪੋਰਟ ਡਿਊਟੀ, ਜੀ. ਐੱਸ. ਟੀ. ਨੂੰ ਘੱਟ ਕਰਨ ਦੀ ਅਪੀਲ ਕੀਤੀ ਸੀ। ਪਦਮਨਾਭਨ ਨੇ ਦਾਅਵਾ ਕੀਤਾ ਕਿ ਕਸਟਮ ਡਿਊਟੀ, ਜੀ. ਐੱਸ. ਟੀ. ’ਚ ਵਾਧੇ ਕਾਰਣ ਸੋਨੇ ਦੀ ਸਮੱਗਲਿੰਗ ’ਚ ਵਾਧਾ ਹੋਇਆ ਹੈ।

ਘਟ ਸਕਦੀ ਹੈ ਇੰਪੋਰਟ ਡਿਊਟੀ
ਉਨ੍ਹਾਂ ਕਿਹਾ ਕਿ 2020 ਦੇ ਬਜਟ ਦੌਰਾਨ ਸਰਕਾਰ ਇੰਪੋਰਟ ਡਿਊਟੀ ਨੂੰ ਮੌਜੂਦਾ 12.5 ਫੀਸਦੀ ਤੋਂ ਘਟਾ ਕੇ 6 ਫੀਸਦੀ ਕਰਨ ’ਤੇ ਵਿਚਾਰ ਕਰ ਸਕਦੀ ਹੈ। ਪਦਮਨਾਭਨ ਨੇ ਸਰਕਾਰ ਵੱਲੋਂ 15 ਜਨਵਰੀ 2021 ਤੋਂ ਦੇਸ਼ ਭਰ ’ਚ ਸੋਨੇ ਦੀ ਹਾਲਮਾਰਕਿੰਗ ਨੂੰ ਲਾਜ਼ਮੀ ਬਣਾਉਣ ਵਾਲੀ ਇਕ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਪਹਿਲਾਂ ਇਕ ਸੰਚਾਲਨ ਕਮੇਟੀ ਦਾ ਗਠਨ ਕਰਨ ਦੀ ਅਪੀਲ ਕੀਤੀ। ਸੰਚਾਲਨ ਕਮੇਟੀ ਦੇ ਮਾਧਿਅਮ ਨਾਲ ਸਰਕਾਰ ਹਾਲਮਾਰਕਿੰਗ ’ਤੇ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਪਹਿਲਾਂ ਗਹਿਣਾ ਉਦਯੋਗ ਦੇ ਨਜ਼ਰੀਏ ਤੋਂ ਜਾਣੂ ਹੋ ਸਕਦੀ ਹੈ।

ਸੋਨੇ ਦੀ ਇੰਪੋਰਟ ਘਟੀ
ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਵੱਖ-ਵੱਖ ਕਾਰਣਾਂ ਨਾਲ ਸਾਲ 2018 ਦੇ 766 ਟਨ ਦੇ ਮੁਕਾਬਲੇ ਸਾਲ 2019 ’ਚ ਸੋਨੇ ਦੀ ਇੰਪੋਰਟ ਘਟ ਕੇ 710 ਟਨ ਰਹਿ ਗਈ। ਅਮਰੀਕਾ ਅਤੇ ਈਰਾਨ ਵਿਚਾਲੇ ਵਧਦੇ ਤਣਾਅ ਅਤੇ ਗਹਿਣਾ ਉਦਯੋਗ ’ਤੇ ਇਸ ਦੇ ਅਸਰ ਬਾਰੇ ਪੁੱਛੇ ਗਏ ਇਕ ਸਵਾਲ ’ਤੇ ਉਨ੍ਹਾਂ ਕਿਹਾ ਕਿ ਇਸ ਨਾਲ ਸਾਲ 2020 ’ਚ ਸੋਨੇ ਦੀਆਂ ਕੀਮਤਾਂ ’ਚ ਉਤਾਰ-ਚੜ੍ਹਾਅ ਰਹਿ ਸਕਦਾ ਹੈ। ਉਨ੍ਹਾਂ ਕਿਹਾ, ‘‘ਕੀਮਤਾਂ ’ਚ ਇਹ ਉਤਾਰ-ਚੜ੍ਹਾਅ, ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਤੱਕ ਰਹਿਣ ਵਾਲਾ ਹੈ।

Karan Kumar

This news is Content Editor Karan Kumar