ਭਾਰਤ ਈਰਾਨ ਨੂੰ ਕੱਚੇ ਤੇਲ ਦਾ ਰੁਪਏ ''ਚ ਕਰੇਗਾ ਭੁਗਤਾਨ

12/06/2018 11:19:07 PM

ਨਵੀਂ ਦਿੱਲੀ-ਭਾਰਤ ਨੇ ਈਰਾਨ ਨੂੰ ਕੱਚੇ ਤੇਲ ਦਾ ਭੁਗਤਾਨ ਰੁਪਏ ਵਿਚ ਕਰਨ ਦਾ ਕਰਾਰ ਕੀਤਾ ਹੈ। ਮਾਮਲੇ ਨਾਲ ਜੁੜੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਅਮਰੀਕਾ ਨੇ ਭਾਰਤ ਅਤੇ 7 ਹੋਰ ਦੇਸ਼ਾਂ ਨੂੰ ਪਾਬੰਦੀ ਦੇ ਬਾਵਜੂਦ ਈਰਾਨ ਤੋਂ ਕੱਚਾ ਤੇਲ ਖਰੀਦਣ ਦੀ ਛੋਟ ਦਿੱਤੀ ਹੈ। ਈਰਾਨ 'ਤੇ ਇਹ ਪਾਬੰਦੀ 5 ਨਵੰਬਰ ਤੋਂ ਲਾਗੂ ਹੋਈ ਹੈ। ਇਸ ਤੋਂ ਬਾਅਦ ਰੁਪਏ ਵਿਚ ਭੁਗਤਾਨ ਲਈ ਸਹਿਮਤੀ ਮੀਮੋ (ਐੱਮ. ਓ. ਯੂ.) ਸਾਈਨ ਕੀਤਾ ਗਿਆ ਸੀ।
ਸੂਤਰਾਂ ਨੇ ਦੱਸਿਆ ਕਿ ਭਾਰਤੀ ਰਿਫਾਈਨਰੀ ਕੰਪਨੀਆਂ, ਨੈਸ਼ਨਲ ਈਰਾਨੀਅਨ ਆਇਲ ਕੰਪਨੀ (ਐੱਨ. ਆਈ. ਓ. ਸੀ.) ਦੇ ਯੂਕੋ ਬੈਂਕ ਖਾਤੇ ਵਿਚ ਰੁਪਏ ਵਿਚ ਭੁਗਤਾਨ ਕਰਨਗੀਆਂ। ਸੂਤਰਾਂ ਨੇ ਕਿਹਾ ਕਿ ਇਸ ਵਿਚੋਂ ਅੱਧੀ ਰਾਸ਼ੀ ਈਰਾਨ ਨੂੰ ਭਾਰਤ ਵਲੋਂ ਕੀਤੀ ਗਈ ਵਸਤਾਂ ਦੀ ਦਰਾਮਦ ਦੇ ਭੁਗਤਾਨ ਦੇ ਨਿਪਟਾਰੇ ਲਈ ਰੱਖੀ ਜਾਵੇਗੀ। ਅਮਰੀਕੀ ਪਾਬੰਦੀਆਂ ਤਹਿਤ ਭਾਰਤ ਵਲੋਂ ਈਰਾਨ ਨੂੰ ਅਨਾਜ, ਦਵਾਈਆਂ ਅਤੇ ਮੈਡੀਕਲ ਉਪਕਰਨਾਂ ਦੀ ਬਰਾਮਦ ਕੀਤੀ ਜਾ ਸਕਦੀ ਹੈ। ਭਾਰਤ ਨੂੰ ਅਮਰੀਕਾ ਤੋਂ ਇਹ ਛੋਟ ਦਰਾਮਦ ਘਟਾਉਣ ਅਤੇ ਐਸਕਰੋ ਭੁਗਤਾਨ ਤੋਂ ਬਾਅਦ ਮਿਲੀ ਹੈ। ਇਸ 180 ਦਿਨ ਦੀ ਛੋਟ ਦੌਰਾਨ ਭਾਰਤ ਰੋਜ਼ਾਨਾ ਈਰਾਨ ਤੋਂ ਵੱਧ ਤੋਂ ਵੱਧ 3 ਲੱਖ ਬੈਰਲ ਕੱਚੇ ਤੇਲ ਦੀ ਦਰਾਮਦ ਕਰ ਸਕੇਗਾ। ਇਸ ਸਾਲ ਭਾਰਤ ਦੀ ਈਰਾਨ ਤੋਂ ਕੱਚੇ ਤੇਲ ਦੀ ਔਸਤ ਦਰਾਮਦ 5,60,000 ਬੈਰਲ ਰੋਜ਼ਾਨਾ ਰਹੀ ਹੈ।

Hardeep kumar

This news is Content Editor Hardeep kumar