ਪਾਮ ਤੇਲ ਹੋਵੇਗਾ ਸਸਤਾ, ਇੰਪੋਰਟ ਡਿਊਟੀ ''ਚ ਹੋਣ ਜਾ ਰਹੀ ਹੈ ਕਟੌਤੀ

12/29/2018 2:00:11 PM

ਨਵੀਂ ਦਿੱਲੀ— ਜਲਦ ਹੀ ਪਾਮ ਤੇਲ ਸਸਤਾ ਹੋਵੇਗਾ। ਜਾਣਕਾਰੀ ਮੁਤਾਬਕ ਸਰਕਾਰ ਅਗਲੇ ਸਾਲ ਪਾਮ ਤੇਲ 'ਤੇ ਇੰਪੋਰਟ ਡਿਊਟੀ ਘਟਾਉਣ ਜਾ ਰਹੀ ਹੈ। ਭਾਰਤ ਪ੍ਰਮੁੱਖ ਤੌਰ 'ਤੇ ਇੰਡੋਨੇਸ਼ੀਆ ਅਤੇ ਮਲੇਸ਼ੀਆ ਤੋਂ ਇਹ ਤੇਲ ਦਰਾਮਦ ਕਰਦਾ ਹੈ। ਸੂਤਰਾਂ ਮੁਤਾਬਕ, ਸਰਕਾਰ ਪਹਿਲੀ ਜਨਵਰੀ ਤੋਂ ਕੱਚੇ ਪਾਮ ਤੇਲ 'ਤੇ ਦਰਾਮਦ ਡਿਊਟੀ 44 ਫੀਸਦੀ ਤੋਂ ਘਟਾ ਕੇ 40 ਫੀਸਦੀ ਕਰ ਸਕਦੀ ਹੈ।

ਉੱਥੇ ਹੀ ਰਿਫਾਇੰਡ ਪਾਮ ਤੇਲ 'ਤੇ ਡਿਊਟੀ ਘਟਾ ਕੇ 45 ਫੀਸਦੀ ਕੀਤੀ ਜਾ ਸਕਦੀ ਹੈ, ਜੋ ਮੌਜੂਦਾ ਸਮੇਂ 54 ਫੀਸਦੀ ਹੈ। ਸੂਤਰਾਂ ਨੇ ਕਿਹਾ ਕਿ ਇੰਡੋਨੇਸ਼ੀਆ ਸਮੇਤ ਆਸੀਆਨ ਦੇਸ਼ਾਂ ਨਾਲ ਵੱਖਰੇ ਸਮਝੌਤੇ ਤਹਿਤ ਕੱਚੇ ਪਾਮ ਤੇਲ 'ਤੇ ਡਿਊਟੀ ਘਟਾ ਕੇ 40 ਫੀਸਦੀ ਤਕ ਕੀਤੀ ਜਾ ਸਕਦੀ ਹੈ, ਜਦੋਂ ਕਿ ਰਿਫਾਇੰਡ ਉਤਪਾਦਾਂ 'ਤੇ ਡਿਊਟੀ ਘੱਟ ਕੇ 50 ਫੀਸਦੀ ਤਕ ਹੋ ਸਕਦੀ ਹੈ।
ਭਾਰਤ ਅਤੇ ਚੀਨ ਵੱਲੋਂ ਮੰਗ ਘਟਣ ਨਾਲ ਇਸ ਸਾਲ ਕੌਮਾਂਤਰੀ ਬਾਜ਼ਾਰ 'ਚ ਪਾਮ ਤੇਲ ਦੀਆਂ ਕੀਮਤਾਂ 'ਚ ਤਕਰੀਬਨ 15 ਫੀਸਦੀ ਦੀ ਗਿਰਾਵਟ ਆਈ ਹੈ। ਮਾਹਰਾਂ ਦਾ ਕਹਿਣਾ ਹੈ ਕਿ ਭਾਰਤ ਵੱਲੋਂ ਡਿਊਟੀ ਘਟਾਏ ਜਾਣ ਨਾਲ ਇੰਡੋਨੇਸ਼ੀਆ ਅਤੇ ਮਲੇਸ਼ੀਆ ਦੇ ਕਿਸਾਨਾਂ ਨੂੰ ਫਾਇਦਾ ਹੋ ਸਕਦਾ ਹੈ। ਉੱਥੇ ਹੀ ਘਰੇਲੂ ਉਤਪਾਦਕਾਂ ਦੇ ਹਿੱਤਾਂ ਨੂੰ ਧਿਆਨ 'ਚ ਰੱਖਦੇ ਹੋਏ ਸਰਕਾਰ ਕੁਝ ਕਦਮ ਵੀ ਉਠਾ ਸਕਦੀ ਹੈ। ਸੂਤਰਾਂ ਮੁਤਾਬਕ, ਇੰਡੋਨੇਸ਼ੀਆ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਸ ਦੇ ਰਿਫਾਇੰਡ ਪ੍ਰਾਡਕਟਸ 'ਤੇ ਵੀ ਡਿਊਟੀ ਮਲੇਸ਼ੀਆ ਦੇ ਪ੍ਰਾਡਕਟਸ ਦੇ ਬਰਾਬਰ ਕਰ ਦਿੱਤੀ ਜਾਵੇ। ਇਸ ਦੇ ਬਦਲੇ ਇੰਡੋਨੇਸ਼ੀਆ ਨੇ ਭਾਰਤ ਤੋਂ ਖੰਡ ਅਤੇ ਚਾਵਲ ਖਰੀਦਣ ਦਾ ਭਰੋਸਾ ਦਿੱਤਾ ਹੈ।