ਭਾਰਤ ਦੀ ਕਣਕ ਬਰਾਮਦ ’ਚ ਆਇਆ ਭਾਰੀ ਉਛਾਲ, ਸਾਲ 2022 ’ਚ ਹੋਈ ਰਿਕਾਰਡ ਬਰਾਮਦ

04/06/2022 11:34:08 AM

ਨਵੀਂ ਦਿੱਲੀ– ਰੂਸ ਅਤੇ ਯੂਕ੍ਰੇਨ ਜੰਗ ਕਾਰਨ ਭਾਰਤ ਦੀ ਕਣਕ ਬਰਾਮਦ ’ਚ ਵਿੱਤੀ ਸਾਲ 2022 ’ਚ ਭਾਰੀ ਉਛਾਲ ਆਇਆ ਹੈ। ਕੌਮਾਂਤਰੀ ਬਾਜ਼ਾਰਾਂ ’ਚ ਘੱਟ ਸਪਲਾਈ ਕਾਰਨ ਕਣਕ ਦੀਆਂ ਕੀਮਤਾਂ ’ਚ ਹੋਏ ਵਾਧੇ ਕਾਰਨ ਅਚਾਨਕ ਭਾਰਤੀ ਕਣਕ ਦੀ ਮੰਗ ਵਧ ਗਈ ਹੈ। ਭਾਰਤ ਤੋਂ ਹੁਣ ਉਹ ਦੇਸ਼ ਵੀ ਕਣਕ ਲੈਣ ਲਈ ਗੱਲਬਾਤ ਕਰ ਰਹੇ ਹਨ, ਜਿਨ੍ਹਾਂ ਨੇ ਪਹਿਲਾਂ ਕਦੀ ਇਸ ਤੋਂ ਕਣਕ ਨਹੀਂ ਲਈ ਸੀ।
ਮਾਰਚ 2022 ਤੱਕ ਭਾਰਤ ਨੇ 7.85 ਮਿਲੀਅਨ ਟਨ ਕਣਕ ਦੀ ਬਰਾਮਦ ਕੀਤੀ ਹੈ। ਇਹ ਪਿਛਲੇ ਵਿੱਤੀ ਸਾਲ ਦੇ 2.1 ਮਿਲੀਅਨ ਬਰਾਮਦ ਤੋਂ ਬਹੁਤ ਜ਼ਿਆਦਾ ਹੈ। ਕਣਕ ਵਪਾਰੀਆਂ ਦਾ ਕਹਿਣਾ ਹੈ ਕਿ ਗੁਆਂਢੀ ਬੰਗਲਾਦੇਸ਼ ਸਮੇਤ ਭਾਰਤ ਕਈ ਦੇਸ਼ਾਂ ਨੂੰ ਕਣਕ ਬਰਾਮਦ ਕਰ ਰਿਹਾ ਹੈ। ਵਿੱਤੀ ਸਾਲ 2022-23 ’ਚ ਵੀ ਕਣਕ ਬਰਾਮਦ ਵੀ ਇਹ ਤੇਜ਼ੀ ਬਰਕਰਾਰ ਰਹਿਣ ਦੀ ਉਮੀਦ ਹੈ। ਬੰਗਲਾਦੇਸ਼ ਤੋਂ ਇਲਾਵਾ ਭਾਰਤ ਨੇ ਦੱਖਣੀ ਕੋਰੀਆ, ਸ਼੍ਰੀਲੰਕਾ, ਓਮਾਨ ਅਤੇ ਕਤਰ ਸਮੇਤ ਹੋਰ ਦੇਸ਼ਾਂ ਨੂੰ ਕਣਕ ਬਰਾਮਦ ਕੀਤੀ ਹੈ। ਭਾਰਤ ਨੇ ਜ਼ਿਆਦਾਤਰ ਕਣਕ 225 ਤੋਂ 335 ਡਾਲਰ ਪ੍ਰਤੀ ਟਨ ਦੇ ਹਿਸਾਬ ਨਾਲ ਵੇਚਿਆ ਹੈ।
ਨਵੀਂ ਦਿੱਲੀ ਦੇ ਇਕ ਪ੍ਰਮੁੱਖ ਕਣਕ ਵਪਾਰੀ ਰਾਜੇਸ਼ ਪਹਾਡੀਆ ਜੈਨ ਨੇ ਦੱਸਿਆ ਕਿ ਕਣਕ ਦੀ ਬਰਾਮਦ ਖੂਬ ਹੋ ਰਹੀ ਹੈ। ਮੁੰਦਰਾ ਅਤੇ ਕਾਂਡਲਾ ਪੋਰਟ ’ਤੇ ਕਣਕ ਕਾਰਗੋ ਦੀ ਬਹੁਤ ਭੀੜ ਲੱਗੀ ਹੈ। ਰੂਸ ਅਤੇ ਯੂਕ੍ਰੇਨ ’ਚ ਜੰਗ ਛਿੜਨ ਨਾਲ ਦੋਵੇਂ ਦੇਸ਼ਾਂ ਤੋਂ ਆਉਣ ਵਾਲੀ ਕਣਕ ਦੀ ਸਪਲਾਈ ਠੱਪ ਪੈ ਗਈ ਹੈ। ਇਸ ਨਾਲ ਕੌਮਾਂਤਰੀ ਬਾਜ਼ਾਰਾਂ ’ਚ ਕਣਕ ਦੀਆਂ ਕੀਮਤਾਂ ’ਚ ਭਾਰੀ ਵਾਧਾ ਹੋਇਆ ਹੈ। ਰੂਸ ਅਤੇ ਯੂਕ੍ਰੇਨ ਮਿਲ ਕੇ 29 ਫੀਸਦੀ ਕਣਕ ਦੀ ਬਰਾਮਦ ਕਰਦੇ ਹਨ।
ਮਿਸਰ ਵੀ ਖਰੀਦਣਾ ਚਾਹੁੰਦਾ ਹੈ ਭਾਰਤੀ ਕਣਕ
ਕਣਕ ਬਰਾਮਦ ਨੂੰ ਲੈ ਕੇ ਭਾਰਤ ਦੀ ਕਣਕ ਦੇ ਸਭ ਤੋਂ ਵੱਡੇ ਦਰਾਮਦਕਾਰ ਦੇਸ਼ ਮਿਸਰ ਨਾਲ ਗੱਲਬਾਤ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ ਮਿਸਰ ਦੁਨੀਆ ’ਚ ਕਣਕ ਦਾ ਸਭ ਤੋਂ ਵੱਡਾ ਦਰਾਮਦਕਾਰ ਦੇਸ਼ ਹੈ। ਪਹਿਲਾਂ ਉਹ ਰੂਸ ਅਤੇ ਯੂਕ੍ਰੇਨ ਤੋਂ ਕਣਕ ਖਰੀਦਦਾ ਸੀ ਪਰ ਜੰਗ ਕਾਰਨ ਹੁਣ ਉੱਥੋਂ ਕਣਕ ਦੀ ਸਪਲਾਈ ਨਹੀਂ ਹੋ ਰਹੀ ਹੈ। ਇਸ ਤੋਂ ਇਲਾਵਾ ਚੀਨ, ਤੁਰਕੀ, ਬੋਸਨੀਆ, ਸੂਡਾਨ, ਨਾਈਜ਼ੀਰੀਆ ਅਤੇ ਈਰਾਨ ਵੀ ਭਾਰਤ ਤੋਂ ਕਣਕ ਲੈਣ ਦੇ ਇਛੁੱਕ ਹਨ। ਇਕ ਰਿਪੋਰਟ ਮੁਤਾਬਕ 10 ਮਹੀਨਿਆਂ ’ਚ ਹੀ ਭਾਰਤ ਦੀ ਕਣਕ ਬਰਾਮਦ ’ਚ ਚਾਰ ਗੁਣਾ ਵਾਧਾ ਹੋਇਆ ਹੈ। ਰੂਸ-ਯੂਕ੍ਰੇਨ ਜੰਗ ਤੋਂ ਬਾਅਦ ਬਦਲੇ ਹੋਏ ਹਾਲਾਤਾਂ ’ਚ ਭਾਰਤ ਨੂੰ ਅਫਰੀਕਾ ਅਤੇ ਮਿਡਲ ਈਸਟ ਰੀਜ਼ਨ ’ਚ ਵੀ ਕਣਕ ਬਰਾਮਦ ਦੇ ਨਵੇਂ ਬਾਜ਼ਾਰ ਮਿਲਣ ਦੀ ਪੂਰੀ ਸੰਭਾਵਨਾ ਹੈ।


Aarti dhillon

Content Editor

Related News