ਭਾਰਤ ਨੇ 30,000 ਕੁਇੰਟਲ ਪਿਆਜ਼ ਬੰਗਲਾਦੇਸ਼, ਭੂਟਾਨ ਅਤੇ ਨੇਪਾਲ ਨੂੰ ਭੇਜੇ

09/21/2020 7:09:56 AM

ਨਵੀਂ ਦਿੱਲੀ— ਭਾਰਤ ਸਰਕਾਰ ਨੇ ਆਪਣੇ 3 ਗੁਆਂਢੀ ਦੇਸ਼ਾਂ ਬੰਗਲਾਦੇਸ਼, ਭੂਟਾਨ ਅਤੇ ਨੇਪਾਲ ਨੂੰ 3 0,000 ਕੁਇੰਟਲ ਪਿਆਜ਼ ਭੇਜਿਆ ਹੈ। ਉਕਤ ਦੇਸ਼ਾਂ ’ਚ ਪਿਆਜ਼ ਦਾ ਸੰਕਟ ਹੋਣ ਕਾਰਣ ਉੱਥੇ ਇਸ ਦੀ ਕੀਮਤ ਅਸਮਾਨ ’ਤੇ ਪਹੁੰਚ ਗਈ ਹੈ। ਭਾਰਤ ਸਰਕਾਰ ਨੇ 14 ਸਤੰਬਰ ਨੂੰ ਪਿਆਜ਼ ਦੀ ਬਰਾਮਦ ’ਤੇ ਰੋਕ ਲਾ ਦਿੱਤੀ ਸੀ ਪਰ ਉਕਤ 3 ਦੇਸ਼ਾਂ ਨੂੰ ਇਸ ’ਚ ਢਿੱਲ ਦੇਣ ਦਾ ਫੈਸਲਾ ਕੀਤਾ ਗਿਆ ਹੈ ਤਾਂਕਿ ਪਾਕਿਸਤਾਨ ਅਤੇ ਚੀਨ ਇਸ ਦਾ ਨਾਜਾਇਜ਼ ਫਾਇਦਾ ਨਾ ਉਠਾ ਸਕਣ।

 

ਸੂਤਰਾਂ ਮੁਤਾਬਕ ਲੈਟਰਜ਼ ਆਫ ਕ੍ਰੈਡਿਟ (ਐੱਲ. ਸੀਜ਼) ਨੂੰ ਖੋਲ੍ਹੇ ਜਾਣ ਤੋਂ ਬਾਅਦ ਭਾਰਤ ਸਰਕਾਰ ਲਈ ਉਕਤ ਤਿੰਨਾਂ ਦੇਸ਼ਾਂ ਨੂੰ ਪਿਆਜ਼ ਦੀ ਬਰਾਮਦ ਕਰਨਾ ਜ਼ਰੂਰੀ ਹੋ ਗਿਆ ਸੀ। ਇਸ ਦੇ ਨਾਲ ਹੁਣ ਪਾਕਿਸਤਾਨ ਅਤੇ ਚੀਨ ਦੇ ਨਾਲ-ਨਾਲ ਤੁਰਕੀ ਵੀ ਪੈਦਾ ਹੋਏ ਮੌਜੂਦਾ ਹਾਲਾਤ ਕਾਰਣ ਕਿਸੇ ਤਰ੍ਹਾਂ ਦਾ ਸ਼ੋਸ਼ਣ ਨਹੀਂ ਕਰ ਸਕੇਗਾ। ਭਾਰਤ ਦੇ ਪਾਕਿਸਤਾਨ, ਤੁਰਕੀ ਅਤੇ ਚੀਨ ਦੇ ਨਾਲ ਬਹੁਤ ਜ਼ਿਆਦਾ ਚੰਗੇ ਡਿਪਲੋਮੈਟਿਕ ਸਬੰਧ ਨਹੀਂ ਹਨ, ਇਸ ਲਈ ਉਹ ਥਾਈਲੈਂਡ, ਮਿਸਰ ਅਤੇ ਉਜਬੇਕਿਸਤਾਨ ਵਰਗੇ ਦੇਸ਼ਾਂ ਨੂੰ ਉਕਤ 3 ਦੇਸ਼ਾਂ ਨੂੰ ਵੀ ਪਿਆਜ਼ ਭੇਜਣ ਲਈ ਕਹਿ ਸਕਦਾ ਹੈ।

ਭਾਰਤ ਸਰਕਾਰ ਨੇ ਪਿਛਲੇ ਹਫਤੇ ਦੇਸ਼ ’ਚ ਪਿਆਜ਼ ਦੀਆਂ ਕੀਮਤਾਂ ਨੂੰ ਵਧਣ ਤੋਂ ਰੋਕਣ ਲਈ ਇਸ ਦੀ ਬਰਾਮਦ ’ਤੇ ਰੋਕ ਲਾਈ ਸੀ। ਦੇਸ਼ ਦੇ ਦੱਖਣ ਪ੍ਰਦੇਸ਼ਾਂ ’ਚ ਭਾਰੀ ਮੀਂਹ ਪੈਣ ਨਾਲ ਪਿਆਜ਼ ਦੀ ਫਸਲ ਨੂੰ ਨੁਕਸਾਨ ਪਹੁੰਚਿਆ ਸੀ। ਇਸ ਕਾਰਣ ਕੀਮਤਾਂ ’ਚ ਤੇਜ਼ੀ ਆ ਗਈ। ਭੂਟਾਨ, ਬੰਗਲਾਦੇਸ਼ ਅਤੇ ਨੇਪਾਲ ’ਚ ਵੀ ਪਿਆਜ਼ ਦੀਆਂ ਕੀਮਤਾਂ ਬਹੁਤ ਜ਼ਿਆਦਾ ਹੋ ਗਈਆਂ ਸਨ।

ਭਾਰਤੀ ਵਿਦੇਸ਼ ਮੰਤਰਾਲਾ ਨੇ ਗੁਆਂਢੀ ਦੇਸ਼ਾਂ ’ਚ ਵਧੀਆਂ ਕੀਮਤਾਂ ਦਾ ਹੱਲ ਕਰਨ ਲਈ ਪਿਆਜ਼ ਬਰਾਮਦ ਕਰਨ ਦਾ ਫੈਸਲਾ ਕੀਤਾ। ਪਿਛਲੇ ਸਾਲ ਵੀ ਭਾਰਤ ਨੇ ਆਪਣੇ ਦੇਸ਼ ’ਚ ਪਿਆਜ਼ ਦੀਆਂ ਕੀਮਤਾਂ ਨੂੰ ਵਧਣ ਤੋਂ ਰੋਕਣ ਲਈ ਇਸ ਦੀ ਬਰਾਮਦ ’ਤੇ ਰੋਕ ਲਾ ਦਿੱਤੀ ਸੀ। ਭੂਟਾਨ, ਨੇਪਾਲ ਅਤੇ ਬੰਗਲਾਦੇਸ਼ ਪੂਰੀ ਤਰ੍ਹਾਂ ਭਾਰਤੀ ਪਿਆਜ਼ ’ਤੇ ਨਿਰਭਰ ਹਨ ਕਿਉਂਕਿ ਉੱਥੇ ਇਸ ਦੀ ਖੇਤੀ ਨਹੀਂ ਹੁੰਦੀ ਹੈ।


Sanjeev

Content Editor

Related News