ਅਗਲੇ ਸਾਲ ਵੀ ਸੁਸਤ ਰਹੇਗੀ ਵਿਕਾਸ ਦਰ : ਇੰਡੀਆ ਰੇਟਿੰਗਸ

01/22/2020 8:09:41 PM

ਨਵੀਂ ਦਿੱਲੀ (ਭਾਸ਼ਾ)-ਕੌਮਾਂਤਰੀ ਕਰੰਸੀ ਫੰਡ (ਆਈ. ਐੱਮ. ਐੱਫ.) ਦੇ ਗ੍ਰੋਥ ਅਨੁਮਾਨ ਘਟਾਉਣ ਤੋਂ ਬਾਅਦ ਭਾਰਤੀ ਅਰਥਵਿਵਸਥਾ ਲਈ ਇਕ ਹੋਰ ਨਾਂਹ-ਪੱਖੀ ਖਬਰ ਆਈ ਹੈ। ਇੰਡੀਆ ਰੇਟਿੰਗਸ ਐਂਡ ਰਿਸਰਚ ਨੇ ਕਿਹਾ ਹੈ ਕਿ ਅਗਲੇ ਵਿੱਤੀ ਸਾਲ ਯਾਨੀ 2020-21 ’ਚ ਵੀ ਦੇਸ਼ ਦੀ ਵਿਕਾਸ ਰਫਤਾਰ ਸੁਸਤ ਰਹਿ ਸਕਦੀ ਹੈ। ਇੰਡੀਆ ਰੇਟਿੰਗਸ ਮੁਤਾਬਕ ਦੇਸ਼ ਦੇ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ’ਚ ਸਿਰਫ 5.5 ਫੀਸਦੀ ਵਾਧਾ ਹੋਣ ਦਾ ਅਨੁਮਾਨ ਹੈ। ਮੌਜੂਦਾ ਵਿੱਤੀ ਸਾਲ ’ਚ ਭਾਰਤ ’ਚ ਅਾਰਥਿਕ ਸੁਸਤੀ ਕਾਇਮ ਹੈ ਯਾਨੀ ਸਾਲ 2019-20 ’ਚ ਭਾਰਤੀ ਅਰਥਵਿਵਸਥਾ ਦੀ ਹਾਲਤ ਖਰਾਬ ਹੈ।

ਹਾਲ ਹੀ ’ਚ ਕੌਮਾਂਤਰੀ ਕਰੰਸੀ ਫੰਡ ਨੇ ਇਸ ਵਿੱਤੀ ਸਾਲ (2019-20) ’ਚ ਭਾਰਤ ਦੀ ਜੀ. ਡੀ. ਪੀ. ਵਾਧਾ ਦਰ 4.8 ਫੀਸਦੀ ਰਹਿਣ ਦਾ ਅਨੁਮਾਨ ਲਾਇਆ ਹੈ। ਭਾਰਤ ਸਰਕਾਰ ਦੇ ਰਾਸ਼ਟਰੀ ਅੰਕੜਾ ਦਫਤਰ ਨੇ ਚਾਲੂ ਵਿੱਤੀ ਸਾਲ ’ਚ ਅਾਰਥਿਕ ਵਾਧਾ ਦਰ 5 ਫੀਸਦੀ ਰਹਿਣ ਦਾ ਅਨੁਮਾਨ ਲਾਇਆ ਹੈ। ਹੁਣ ਇੰਡੀਆ ਰੇਟਿੰਗਸ ਨੇ ਕਿਹਾ ਹੈ ਕਿ ਅਗਲੇ ਸਾਲ ਵੀ ਭਾਰਤ ਦੀ ਅਾਰਥਿਕ ਵਿਕਾਸ ਦਰ ’ਚ ਇਸ ਸਾਲ ਦੇ ਮੁਕਾਬਲੇ ਮਾਮੂਲੀ ਵਾਧਾ ਹੋਵੇਗਾ। ਇੰਡੀਆ ਰੇਟਿੰਗਸ ਐਂਡ ਰਿਸਰਚ ਦੇ ਇਕਨਾਮਿਸਟ ਸੁਨੀਲ ਸਿਨ੍ਹਾ ਨੇ ਕਿਹਾ, ‘‘ਸਾਨੂੰ ਉਮੀਦ ਸੀ ਕਿ ਵਿੱਤੀ ਸਾਲ 2021 ’ਚ ਅਰਥਵਿਵਸਥਾ ’ਚ ਕੁਝ ਸੁਧਾਰ ਹੋਵੇਗਾ ਪਰ ਜੋਖਮ ਬਣਿਆ ਹੋਇਆ ਹੈ। ਇਸ ਵਜ੍ਹਾ ਨਾਲ ਭਾਰਤੀ ਅਰਥਵਿਵਸਥਾ ਘੱਟ ਖਪਤ ਅਤੇ ਕਮਜ਼ੋਰ ਮੰਗ ਦੇ ਚੱਕਰ ’ਚ ਫਸਦੀ ਦਿਸ ਰਹੀ ਹੈ।’’

ਸਿਨ੍ਹਾ ਨੇ ਕਿਹਾ ਕਿ ਘਰੇਲੂ ਮੰਗ ਨੂੰ ਵਧਾਉਣ ਅਤੇ ਅਰਥਵਿਵਸਥਾ ਨੂੰ ਉੱਚੇ ਵਾਧੇ ਦੇ ਦੌਰ ’ਚ ਵਾਪਸ ਲਿਆਉਣ ਲਈ ਮੋਦੀ ਸਰਕਾਰ ਵੱਲੋਂ ਮਜ਼ਬੂਤ ਪਾਲਿਸੀ ਬਣਾਉਣ ਦੀ ਲੋੜ ਹੈ। ਕੌਮਾਂਤਰੀ ਅਾਰਥਿਕ ਟਰੈਂਡ ਦਬਾਅ ’ਚ ਹਨ, ਪੂਰੀ ਦੁਨੀਆ ’ਚ ਬਰਾਮਦ ਪ੍ਰਭਾਵਿਤ ਹੋਈ ਹੈ, ਇਸ ਨਾਲ ਭਾਰਤ ਦੀ ਬਰਾਮਦ ’ਤੇ ਵੀ ਮਾੜਾ ਅਸਰ ਪਿਆ ਹੈ। ਇਸ ਵਜ੍ਹਾ ਨਾਲ ਭਾਰਤ ਦੀ ਜੀ. ਡੀ. ਪੀ. ਗ੍ਰੰਥ ਸੀਮਤ ਘੇਰੇ ’ਚ ਰਹਿ ਸਕਦੀ ਹੈ।

Karan Kumar

This news is Content Editor Karan Kumar