ਦਾਵੋਸ ''ਚ ਭਾਰਤ-ਮਲੇਸ਼ੀਆ ਵਿਚਕਾਰ ਨਹੀਂ ਹੋਵੇਗੀ ਵਾਰਤਾ! ਪਿਊਸ਼ ਗੋਇਲ ਨੇ ਦਿੱਤੇ ਸੰਕੇਤ

01/20/2020 12:09:07 PM

ਨਵੀਂਂ ਦਿੱਲੀ — ਮਲੇਸ਼ੀਆ ਅਤੇ ਭਾਰਤ ਵਿਚਕਾਰ ਜੰਮੂ-ਕਸ਼ਮੀਰ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਵਧਦਾ ਹੋਇਆ ਦਿਖਾਈ ਦੇ ਰਿਹਾ ਹੈ। ਮਲੇਸ਼ੀਆ ਤੋਂ ਪਾਮ ਤੇਲ ਦੇ ਆਯਾਤ 'ਚ ਕਟੌਤੀ ਦੇ ਬਾਅਦ ਹੁਣ ਵਣਜ ਅਤੇ ਉਦਯੋਗ ਮੰਤਰੀ ਪੀਊਸ਼ ਗੋਇਲ ਨੇ ਦਾਵੋਸ 'ਚ ਹੋਣ ਵਾਲੇ 50ਵੇਂ ਆਰਥਿਕ ਫੋਰਮ(WEF) ਸੰਮੇਲਨ 'ਚ ਮਲੇਸ਼ੀਆ ਦੇ ਵਣਜ ਮੰਤਰੀ ਨਾਲ ਬੈਠਕ ਕਰਨ ਤੋਂ ਇਨਕਾਰ ਕਰ ਦਿੱਤਾ ਹੈ। 

ਇਸ ਤੋਂ ਪਹਿਲਾਂ ਖਬਰ ਸੀ ਕਿ ਦਾਵੋਸ ਵਿਚ ਹੋਣ ਵਾਲੀ ਵਰਲਡ ਇਕਨਾਮਿਕ ਫੋਰਮ ਦੀ ਮੀਟਿੰਗ ਵਿਚ ਮਲੇਸ਼ੀਆ ਦੇ ਵਣਜ ਮੰਤਰੀ ਡਾਰੇਲ ਲੇਇਕਿੰਗ ਨਾਲ ਭਾਰਤੀ ਹਮਰੁਤਬਾ ਪੀਊਸ਼ ਗੋਇਲ ਮੁਲਾਕਾਤ ਕਰ ਸਕਦੇ ਹਨ। ਹਾਲਾਂਕਿ ਵਣਜ ਮੰਤਰਾਲੇ ਨੇ ਇਨ੍ਹਾਂ ਖਬਰਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਪਿਊਸ਼ ਗੋਇਲ ਮਲੇਸ਼ੀਆ ਦੇ ਮੰਤਰੀਆਂ ਨਾਲ ਕੋਈ ਬੈਠਕ ਨਹੀਂ ਕਰਨਗੇ। ਜ਼ਿਕਰਯੋਗ ਹੈ ਕਿ ਮਲੇਸ਼ੀਆਈ ਪ੍ਰਧਾਨ ਮੰਤਰੀ ਮਹਾਤਿਰ ਵਲੋਂ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਅਤੇ ਐਨ.ਆਰ.ਸੀ.-ਸੀ.ਏ.ਏ. ਮੁੱਦੇ  'ਤੇ ਭਾਰਤ ਦੀ ਨਿੰਦਾ ਕਰਨ ਦੇ ਬਾਅਦ ਭਾਰਤ ਨੇ ਮਲੇਸ਼ੀਆ ਤੋਂ ਪਾਮ ਤੇਲ ਦੇ ਆਯਾਤ 'ਤੇ ਲਗਭਗ ਪਾਬੰਦੀ ਲਗਾ ਦਿੱਤੀ ਹੈ।

ਦਰਅਸਲ ਭਾਰਤ 'ਚ ਕੁੱਲ ਖੁਰਾਕ ਤੇਲ ਦਾ ਇਕ ਤਿਹਾਈ ਹਿੱਸਾ ਪਾਮ ਤੇਲ ਮਲੇਸ਼ੀਆ ਤੋਂ ਹੀ ਆਯਾਤ ਹੁੰਦਾ ਹੈ। ਭਾਰਤ ਸਾਲਾਨਾ ਤੌਰ 'ਤੇ ਕਰੀਬ 90 ਲੱਖ ਟਨ ਪਾਮ ਤੇਲ ਦਾ ਆਯਾਤ ਕਰਦਾ ਹੈ। ਜ਼ਿਆਦਾਤਰ ਇਸ ਦਾ ਆਯਾਤ ਮਲੇਸ਼ੀਆ ਅਤੇ ਇੰਡੋਨੇਸ਼ੀਆ ਤੋਂ ਹੀ ਕੀਤਾ ਜਾਂਦਾ ਹੈ। ਮਲੇਸ਼ੀਆ ਨੇ ਭਾਰਤ ਦੇ ਇਸ ਰੁਖ਼ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ ਪਰ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਨੇ ਇਕ ਵਾਰ ਫਿਰ ਤੋਂ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਵਿੱਤੀ ਨੁਕਸਾਨ ਸਹਿਣ ਕਰਨਾ ਪਵੇ ਪਰ ਉਹ 'ਗਲਤ ਚੀਜ਼ਾਂ' ਦੇ ਖਿਲਾਫ ਬੋਲਦੇ ਰਹਿਣਗੇ।

ਸਾਲ 2019 ਵਿਚ ਮਲੇਸ਼ੀਆ ਦੇ ਪਾਮ ਤੇਲ ਦਾ ਭਾਰਤ ਸਭ ਤੋਂ ਵੱਡਾ ਖੀਰਦਦਾਰ ਸੀ। ਸਾਲ 2019 ਵਿਚ ਭਾਰਤ ਨੇ ਮਲੇਸ਼ੀਆ ਤੋਂ 40.4 ਲੱਖ ਟਨ ਪਾਮ ਤੇਲ ਖਰੀਦਿਆ ਸੀ। ਭਾਰਤੀ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਜੇਕਰ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ 'ਚ ਜਲਦੀ ਸੁਧਾਰ ਨਾ ਹੋਇਆ ਤਾਂ 2020 'ਚ ਮਲੇਸ਼ੀਆ ਤੋਂ ਭਾਰਤ ਦਾ ਪਾਮ ਤੇਲ ਆਯਾਤ 10 ਲੱਖ ਟਨ ਹੇਠਾਂ ਆ ਜਾਵੇਗਾ।

Harinder Kaur

This news is Content Editor Harinder Kaur