LPG ''ਚ ਚੀਨ ਨੂੰ ਪਛਾੜ ਕੇ ਬਾਦਸ਼ਾਹਤ ਹਾਸਲ ਕਰੇਗਾ ਭਾਰਤ

10/06/2020 9:16:55 PM

ਨਵੀਂ ਦਿੱਲੀ, (ਭਾਸ਼ਾ)– ਭਾਰਤ ਐੱਲ. ਪੀ. ਜੀ. ਰਿਹਾਇਸ਼ੀ ਖੇਤਰ ਬਾਜ਼ਾਰ ’ਚ 2030 ਤੱਕ ਚੀਨ ਨੂੰ ਪਿੱਛੇ ਛੱਡਦੇ ਹੋਏ ਖਾਣਾ ਪਕਾਉਣ ਦੀ ਗੈਸ ਦਾ ਦੁਨੀਆ 'ਚ ਸਭ ਤੋਂ ਵੱਡਾ ਬਾਜ਼ਾਰ ਬਣ ਸਕਦਾ ਹੈ। ਖੋਜ ਅਤੇ ਸਲਾਹ ਕੰਪਨੀ ਵੂਡ ਮੈਕੇਂਜੀ ਨੇ ਅੱਜ ਇਕ ਰਿਪੋਰਟ ’ਚ ਇਹ ਕਿਹਾ। ਰਿਪੋਰਟ ’ਚ ਕਿਹਾ ਗਿਆ ਹੈ ਕਿ ਘਰਾਂ ’ਚ ਤਰਲ ਪੈਟਰੋਲੀਅਮ ਗੈਸ (ਐੱਨ. ਪੀ. ਜੀ.) ਮੰਗ ’ਚ ਵਾਧਾ ਨਿਰੰਤਰ ਰੂਪ ਨਾਲ ਜਾਰੀ ਰਹੇਗਾ। ਇਸ ਦੇ ਸਾਲਾਨਾ 3.3 ਫੀਸਦੀ ਦੇ ਵਾਧੇ ਨਾਲ 2030 ਤੱਕ 3.4 ਕਰੋੜ ਟਨ ਦੇ ਪੱਧਰ ’ਤੇ ਪਹੁੰਚ ਜਾਣ ਦਾ ਅਨੁਮਾਨ ਹੈ। ਇਸ ਦਾ ਕਾਰਣ ਪਰਿਵਾਰ ਦੀ ਔਸਤ ਆਮਦਨ ’ਚ ਵਾਧਾ ਅਤੇ ਸ਼ਹਿਰੀ ਆਬਾਦੀ ਵਧਣ ਦੇ ਨਾਲ ਆਉਣ ਵਾਲੇ ਸਮੇਂ ’ਚ ਲੱਕੜ ਸਣੇ ਹੋਰ ਠੋਸ ਧੂੰਆਂ ਛੱਡਣ ਵਾਲੇ ਈਂਧਨ ’ਤੇ ਨਿਰਭਰਤਾ ਘੱਟ ਹੋਵੇਗੀ। 

ਵਾਤਾਵਰਣ ਅਤੇ ਸਿਹਤ ਸਬੰਧੀ ਚਿੰਤਾਵਾਂ ਦਰਮਿਆਨ ਸਰਕਾਰ ਘੱਟ ਆਮਦਨ ਵਾਲੇ ਪਰਿਵਾਰ ’ਚ ਲੱਕੜ ਅਤੇ ਹੋਰ ਈਂਧਨ ਦੀ ਥਾਂ ਐੱਲ. ਪੀ. ਜੀ. ਦੀ ਵਰਤੋਂ ਬੜ੍ਹਾਵਾ ਦੇਣ ਲਈ ਯੋਜਨਾ ਚਲਾ ਰਹੀ ਹੈ। ਸਰਕਾਰ ਘੱਟ ਆਮਦਨ ਵਰਗ ਨੂੰ ਸਿੱਧੇ ਲਾਭ ਤਬਾਦਲੇ (ਡੀ. ਬੀ. ਟੀ.) ਰਾਹੀਂ ਐੱਲ. ਪੀ. ਜੀ. ’ਤੇ ਸਬਸਿਡੀ ਮੁਹੱਈਆ ਕਰਵਾ ਰਹੀ ਹੈ। ਨਾਲ ਹੀ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਪਰਿਵਾਰ ਲਈ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਮੁਫਤ ਐੱਲ. ਪੀ. ਜੀ. ਸਟੋਵ ਮੁਹੱਈਆ ਕਰਵਾਏ ਜਾ ਰਹੇ ਹਨ।
ਵੂਡ ਮੈਕੇਂਜੀ ਦੇ ਖੋਜ ਵਿਸ਼ਲੇਸ਼ਕ ਕਿਊਆਈਲਿੰਗ ਚੇਨ ਨੇ ਕਿਹਾ ਕਿ ਹਾਲਾਂਕਿ ਦੇਸ਼ ਭਰ ’ਚ ਐੱਲ. ਪੀ. ਜੀ. ਦਾ ਘੇਰਾ 98 ਫੀਸਦੀ ਪਹੁੰਚ ਗਿਆ ਹੈ ਜੋ 2014 ਦੇ ਮੁਕਾਬਲੇ 42 ਫੀਸਦੀ ਵੱਧ ਹੈ। ਪਰ ਉਸ ਦੀ ਵਰਤੋਂ ਹਾਲੇ ਵੀ ਘੱਟ ਹੈ। ਨਵੇਂ ਕਨੈਕਸ਼ਨ ਜਿਸ ਰਫਤਾਰ ਨਾਲ ਦਿੱਤੇ ਜਾ ਰਹੇ ਹਨ, ਉਸ ਦਰ ਨਾਲ ਸਾਲਾਨਾ ਸਿਲੰਡਰ ਨੂੰ ਭਰਿਆ ਨਹੀਂ ਜਾਂਦਾ। ਔਸਤ ਖਪਤ ਮਾਪਦੰਡ 12 ਸਿਲੰਡਰ ਤੋਂ ਹੇਠਾਂ ਬਣਿਆ ਹੋਇਆ ਹੈ।

ਫਿਲਹਾਲ ਚੀਨ ਰਿਹਾਇਸ਼ੀ ਖੇਤਰ ਲਈ ਦੁਨੀਆ ’ਚ ਸਭ ਤੋਂ ਵੱਡਾ ਐੱਲ. ਪੀ. ਜੀ. ਮੰਗ ਕੇਂਦਰ ਹੈ। ਮੈਕੇਂਜੀ ਨੇ ਕਿਹਾ ਕਿ ਹਾਲਾਂਕਿ ਬੁਨਿਆਦੀ ਢਾਂਚੇ ਦੀ ਘਾਟ ਨਾਲ ਛੋਟੇ ਸ਼ਹਿਰਾਂ ’ਚ ਪਾਈਪ ਰਾਹੀਂ ਖਾਣਾ ਪਕਾਉਣ ਦੀ ਗੈਸ ਪਹੁੰਚਾਉਣ ’ਚ ਰੁਕਾਵਟ ਹੈ। ਨਾਲ ਹੀ ਪ੍ਰਚੂਨ ਪੀ. ਐੱਨ. ਜੀ. ਦੀਆਂ ਕੀਮਤਾਂ ਐੱਲ. ਪੀ. ਜੀ. ਦੀਆਂ ਰਿਆਇਤੀ ਦਰਾਂ ਦੇ ਮੁਕਾਬਲੇ ਮਹਿੰਗੀਆਂ ਬਣੀਆਂ ਹੋਈਆਂ ਹਨ। ਇਸ ਨਾਲ ਪੀ. ਐੱਨ. ਜੀ. 2030 ਤੋਂ ਪਹਿਲਾਂ ਤੱਕ ਐੱਲ. ਪੀ. ਜੀ. ਦੀ ਤੁਲਨਾ ’ਚ ਘੱਟ ਆਕਰਸ਼ਕ ਬਦਲ ਹੈ। ਖੋਜ ਅਤੇ ਸਲਾਹ ਕੰਪਨੀ ਦੇ ਸੀਨੀਅਰ ਵਿਸ਼ਲੇਸ਼ਕ ਵਿਦੁਰ ਸਿੰਘਲ ਨੇ ਕਿਹਾ ਕਿ ਸਾਲ 2020 ਤੋਂ 2030 ਦੌਰਾਨ ਪੀ. ਐੱਨ. ਜੀ. ਮੰਗ ਮੁੱਖ ਰੂਪ ਨਾਲ ਵੱਡੇ ਅਤੇ ਦਰਮਿਆਨੇ (ਟਿਅਰ 1 ਅਤੇ ਟਿਅਰ 2) ਸ਼ਹਿਰਾਂ ’ਚ ਹੋਵੇਗੀ।


Sanjeev

Content Editor

Related News