ਭਾਰਤ ਨੇ ਅਮਰੀਕੀ ਉਤਪਾਦਾਂ ''ਤੇ ਡਿਊਟੀ ਲਗਾਉਣ ਦੀ ਸਮਾਂ ਹੱਦ ਦੂਜੀ ਵਾਰ ਵਧਾਈ

09/18/2018 2:32:16 PM

ਨਵੀਂ ਦਿੱਲੀ — ਸਰਕਾਰ ਨੇ ਅਮਰੀਕਾ ਦੇ 29 ਉਤਪਾਦਾਂ ਦੇ ਆਯਾਤ 'ਤੇ ਡਿਊਟੀ ਲਗਾਉਣ ਦੀ ਸਮਾਂ ਹੱਦ ਦੂਜੀ ਵਾਰ ਵਧਾ ਕੇ 3 ਨਵੰਬਰ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਭਾਰਤ ਨੇ ਬਾਦਾਮ, ਅਖਰੋਟ ਅਤੇ ਦਾਲਾਂ ਸਮੇਤ 29 ਅਮਰੀਕੀ ਉਤਪਾਦਾਂ 'ਤੇ 4 ਅਗਸਤ ਨੂੰ ਡਿਊਟੀ ਲਗਾਉਣ ਦਾ ਐਲਾਨ ਕੀਤਾ ਸੀ। ਬਾਅਦ ਵਿਚ ਇਸ ਨੂੰ 18 ਸਤੰਬਰ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਰੈਵੇਨਿਊ ਵਿਭਾਗ ਨੇ ਸੋਮਵਾਰ ਦੇਰ ਰਾਤ ਨੂੰ ਜਾਰੀ ਇਕ ਨੋਟੀਫਿਕੇਸ਼ਨ ਵਿਚ ਕਿਹਾ ਹੈ ਕਿ ਹੁਣ ਇਹ ਡਿਊਟੀ ਦੋ ਨਵੰਬਰ ਤੋਂ ਲਾਗੂ ਹੋ ਜਾਵੇਗੀ।

ਜ਼ਿਕਰਯੋਗ ਹੈ ਕਿ ਭਾਰਤ ਨੇ ਇਹ ਫੈਸਲਾ ਅਮਰੀਕਾ ਦੇ ਰਾਸ਼ਟਰਪਤੀ ਵਲੋਂ ਆਯਾਤ ਕੀਤੇ ਭਾਰਤੀ ਸਟੀਲ ਅਤੇ ਐਲੂਮੀਨੀਅਮ 'ਤੇ 9 ਮਾਰਚ ਨੂੰ ਡਿਊਟੀ ਲਗਾਉਣ ਦੇ ਐਲਾਨ ਦੇ ਜਵਾਬ ਵਿਚ ਦਿੱਤਾ ਹੈ। ਦੋਵਾਂ ਦੇਸ਼ਾਂ ਦੇ ਸੀਨੀਅਰ ਅਧਿਕਾਰੀ ਵਪਾਰ ਸਮਝੌਤਾ ਕਰਨ ਲਈ ਗੱਲਬਾਤ ਕਰ ਰਹੇ ਹਨ। ਦੋਵਾਂ ਦੇਸ਼ਾਂ ਵਿਚ ਦਾ ਵਪਾਰ ਸੰਤੁਲਨ ਭਾਰਤ ਦੇ ਪੱਖ 'ਚ ਹੈ। ਵਿੱਤੀ ਸਾਲ 2017-18 'ਚ ਭਾਰਤ ਨੇ ਜਿੱਥੇ ਅਮਰੀਕਾ ਨੂੰ 47.9 ਅਰਬ ਡਾਲਰ ਦਾ ਨਿਰਯਾਤ ਕੀਤਾ ਸੀ ਉੱਥੇ ਅਮਰੀਕਾ ਤੋਂ ਆਯਾਤ 26.7 ਅਰਬ ਡਾਲਰ ਦਾ ਸੀ।

ਭਾਰਤ ਚਾਹੁੰਦੈ ਉਤਪਾਦਾਂ ਲਈ ਡਿਊਟੀ ਫਰੀ ਪਹੁੰਚ

ਭਾਰਤ ਸਟੀਲ ਅਤੇ ਅਲਮੀਨੀਅਮ ਉਤਪਾਦਾਂ 'ਤੇ ਵਧੀ ਡਿਊਟੀ 'ਚ ਛੋਟ ਚਾਹੁੰਦਾ ਹੈ। ਇਸਦੇ ਨਾਲ ਹੀ ਉਹ ਕੁਝ ਘਰੇਲੂ ਉਤਪਾਦਾਂ 'ਤੇ ਅਮਰੀਕਾ 'ਚ ਤਰਜੀਹੀ ਆਮ ਪ੍ਰਣਾਲੀ(ਜੀ.ਪੀ.ਪੀ.) ਦੇ ਤਹਿਤ ਨਿਰਯਾਤ ਬਹਾਲ ਕਰਨ ਦੀ ਮੰਗ ਕਰ ਰਿਹਾ ਹੈ। ਖੇਤੀਬਾੜੀ, ਆਟੋਮੋਬਾਇਲ, ਆਟੋ ਪਾਰਟਸ ਅਤੇ ਇੰਜੀਨੀਅਰਿੰਗ ਖੇਤਰ ਦੇ ਉਤਪਾਦਾਂ 'ਤੇ ਵੀ ਭਾਰਤ, ਅਮਰੀਕੀ ਬਾਜ਼ਾਰ 'ਚ ਪਹੁੰਚ ਬਣਾਉਣਾ ਚਾਹੁੰਦਾ ਹੈ। ਅਮਰੀਕਾ ਵਿਚ ਜੀ.ਐੱਸ.ਪੀ. ਪ੍ਰਣਾਲੀ ਦੀ ਸ਼ੁਰੂਆਤ 1976 ਵਿਚ ਹੋਈ ਸੀ। ਇਸ ਦੇ ਤਹਿਤ ਰਸਾਇਣ, ਇੰਜੀਨੀਅਰਿੰਗ ਖੇਤਰਾਂ ਸਮੇਤ 3,500 ਦੇ ਕਰੀਬ ਭਾਰਤੀ ਉਤਪਾਦਾਂ ਨੂੰ ਡਿਊਟੀ ਫਰੀ ਪਹੁੰਚ ਦਾ ਲਾਭ ਮਿਲਿਆ ਹੋਇਆ ਹੈ।