ਕਿਸਾਨਾਂ ਲਈ ਰਾਹਤ ਭਰੀ ਖ਼ਬਰ, 56 ਲੱਖ ਟਨ ਖੰਡ ਬਰਾਮਦ ਲਈ ਸੌਦੇ ਹੋਏ

05/11/2021 3:08:19 PM

ਨਵੀਂ ਦਿੱਲੀ- ਕਿਸਾਨਾਂ ਲਈ ਚੰਗੀ ਖ਼ਬਰ ਹੈ, ਮਿੱਲਾਂ ਵੱਲ ਫਸੇ ਬਕਾਏ ਜਲਦ ਹੀ ਮਿਲਣ ਦੀ ਆਸ ਹੈ ਕਿਉਂਕਿ ਖੰਡ ਦੀ ਬਰਾਮਦ ਹੋ ਰਹੀ ਹੈ, ਜਿਸ ਨਾਲ ਮਿੱਲਾਂ ਦਾ ਬੋਝ ਘੱਟ ਹੋਵੇਗਾ।

ਖੰਡ ਉਦਯੋਗ ਸੰਗਠਨ ਇੰਡੀਆ ਸ਼ੂਗਰ ਟ੍ਰੇਡ ਐਸੋਸੀਏਸ਼ਨ (ਏ. ਆਈ. ਐੱਸ. ਟੀ. ਏ.) ਨੇ ਮੰਗਲਵਾਰ ਕਿਹਾ ਕਿ ਭਾਰਤ ਨੇ 2020-21 ਦੇ ਖੰਡ ਮਾਰਕੀਟਿੰਗ ਸੀਜ਼ਨ ਵਿਚ ਹੁਣ ਤੱਕ 56 ਲੱਖ ਟਨ ਖੰਡ ਦੀ ਬਰਾਮਦ ਲਈ ਸੌਦੇ ਕੀਤੇ ਹਨ ਅਤੇ ਬਾਕੀ ਚਾਰ ਲੱਖ ਟਨ ਲਈ ਜਲਦ ਸੌਦੇ ਕੀਤੇ ਜਾਣ ਦੀ ਉਮੀਦ ਹੈ।

ਸਰਕਾਰ ਨੇ 2020-21 ਸੈਸ਼ਨ (ਅਕਤੂਬਰ-ਸਤੰਬਰ) ਲਈ 60 ਲੱਖ ਟਨ ਹੋਰ ਖੰਡ ਦੀ ਜ਼ਰੂਰੀ ਰੂਪ ਤੋਂ ਬਰਾਮਦ ਦਾ ਟੀਚਾ ਨਿਰਧਾਰਤ ਕੀਤਾ ਹੈ। ਇਸ ਬਰਾਮਦ ਨੀਤੀ ਨੂੰ ਜਨਵਰੀ ਵਿਚ ਮਨਜ਼ੂਰੀ ਦਿੱਤੀ ਗਈ ਸੀ।

ਭਾਰਤ ਨੇ 2019-20 ਸੈਸ਼ਨ ਦੌਰਾਨ 59 ਲੱਖ ਖੰਡ ਦੀ ਬਰਾਮਦ ਕੀਤੀ ਸੀ। ਏ. ਆਈ. ਐੱਸ. ਟੀ. ਏ. ਨੇ ਤਾਜ਼ਾ ਅੰਕੜੇ ਜਾਰੀ ਕਰਦੇ ਹੋਏ ਕਿਹਾ ਕਿ 56 ਲੱਖ ਟਨ ਦੇ ਬਰਾਮਦ ਸੌਦਿਆਂ ਵਿਚੋਂ 34.78 ਲੱਖ ਟਨ ਖੰਡ ਪਹਿਲਾਂ 6 ਮਈ ਤੱਕ 12 ਦੇਸ਼ਾਂ ਵਿਚ ਭੇਜੀ ਜਾ ਚੁੱਕੀ ਹੈ। ਇਸ ਦੌਰਾਨ ਇੰਡੋਨੇਸ਼ੀਆ ਨੂੰ 12.7 ਲੱਖ ਟਨ, ਅਫਗਾਨਿਸਤਾਨ ਨੂੰ 4.33 ਲੱਖ ਟਨ ਅਤੇ ਯੂ. ਏ. ਈ. ਨੂੰ 3.66 ਲੱਖ ਟਨ ਖੰਡ ਭੇਜੀ ਗਈ। ਇਸ ਸਾਲ ਅਪ੍ਰੈਲ ਵਿਚ ਬ੍ਰਾਜ਼ੀਲ ਵਿਚ ਖ਼ੁਸ਼ਕ ਮੌਸਮ ਤੇ ਘੱਟ ਉਤਪਾਦਨ ਦੇ ਮੱਦੇਨਜ਼ਰ ਖੰਡ ਦੀਆਂ ਗਲੋਬਲ ਕੀਮਤਾਂ ਵਿਚ ਵਾਧਾ ਹੋਇਆ ਹੈ।

Sanjeev

This news is Content Editor Sanjeev