ਤਿਉਹਾਰੀ ਮੌਸਮ 'ਚ ਚੀਨੀ ਲਾਈਟਾਂ ਨੂੰ ਟੱਕਰ ਦੇਣ ਲਈ ਭਾਰਤ ਨੇ ਲਾਇਆ ਜੁਗਾੜ

10/12/2020 10:31:55 PM

ਨਵੀਂ ਦਿੱਲੀ— ਭਾਰਤ ਚੀਨ ਨੂੰ ਹਰ ਪਾਸਿਓਂ ਟੱਕਰ ਦੇ ਰਿਹਾ ਹੈ ਤੇ ਤਿਉਹਾਰੀ ਮੌਸਮ ਵਿਚ ਚੀਨੀ ਲਾਈਟਾਂ ਨੂੰ ਟੱਕਰ ਦੇਣ ਲਈ ਭਾਰਤ ਦੇਸੀ ਜੁਗਾੜ ਲਾਉਣ ਜਾ ਰਿਹਾ ਹੈ। ਰਾਸ਼ਟਰੀ ਕਾਮਧੇਨੂ ਕਮਿਸ਼ਨ ਅਗਲੇ ਮਹੀਨੇ ਦੀਵਾਲੀ ਦੌਰਾਨ ਮੌਕੇ ਚੀਨੀ ਉਤਪਾਦਾਂ ਦਾ ਮੁਕਾਬਲਾ ਕਰਨ ਲਈ ਗਾਂ ਦੇ ਗੋਹੇ ਤੋਂ ਬਣੇ 33 ਕਰੋੜ ਵਾਤਾਵਰਣ ਅਨੁਕੂਲ ਦੀਵਿਆਂ ਦਾ ਉਤਪਾਦਨ ਕਰਨ ਦੀ ਤਿਆਰੀ ਕਰ ਰਿਹਾ ਹੈ। 

ਵਿਭਾਗ ਦੇ ਪ੍ਰਧਾਨ ਵੱਲਭਭਾਈ ਕਥੀਰੀਆ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਦੇਸ਼ ਦੇ ਪਸ਼ੂ ਸੰਭਾਲ ਲਈ 2019 ਵਿਚ ਸਥਾਪਤ ਕੀਤੇ ਗਏ ਇਸ ਵਿਭਾਗ ਨੇ ਅਗਲੇ ਤਿਉਹਾਰ ਦੌਰਾਨ ਗੋਹਾ ਆਧਾਰਿਤ ਪ੍ਰਾਡਕਟ ਨੂੰ ਉਤਸ਼ਾਹਿਤ ਕਰਨ ਲਈ ਦੇਸ਼ ਪੱਧਰੀ ਮੁਹਿੰਮ ਚਲਾਈ ਹੈ। ਲਗਭਗ 3 ਲੱਖ ਦੀਵੇ ਪਵਿੱਤਰ ਨਗਰੀ ਅਯੁੱਧਿਆ ਵਿਚ ਜਗਾਏ ਜਾਣਗੇ, ਜਦਕਿ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿਚ ਇਕ ਲੱਖ ਦੀਵੇ ਜਗਾਏ ਜਾਣਗੇ। ਪ੍ਰਾਜੈਕਟ ਸ਼ੁਰੂ ਹੋ ਚੁੱਕਾ ਹੈ। 

ਕਥੀਰੀਆ ਨੇ ਕਿਹਾ ਕਿ ਇਸ ਨਾਲ ਗਊਸ਼ਾਲਾਵਾਂ ਨੂੰ ਵੀ ਮਦਦ ਮਿਲੇਗੀ ਜੋ ਵਰਤਮਾਨ ਵਿਚ ਕੋਰੋਨਾ ਵਾਇਰਸ ਕਾਰਨ ਵਿੱਤੀ ਮੁਸੀਬਤ ਵਿਚ ਹਨ। ਜ਼ਿਕਰਯੋਗ ਹੈ ਕਿ ਦੀਵਿਆਂ ਤੋਂ ਇਲਾਵਾ ਗੋਹਾ, ਗੋਮੂਤਰ, ਦੁੱਧ ਤੋਂ ਬਣੇ ਪ੍ਰਾਡਕਟ ਜਿਵੇਂ ਕਿ ਐਂਟੀ-ਰੈਡੀਏਸ਼ਨ ਚਿਪ, ਪੇਪਰ ਵੇਟ, ਭਗਵਾਨ ਦੀਆਂ ਮੂਰਤੀਆਂ, ਅਗਰਬੱਤੀ, ਮੋਮਬੱਤੀਆਂ ਤੇ ਹੋਰ ਉਤਪਾਦਾਂ ਨੂੰ ਬੜ੍ਹਾਵਾ ਦੇ ਰਹੇ ਹਨ। 


Sanjeev

Content Editor

Related News