ਭਾਰਤ ਨੇ ਤੇਲ ਦਰਾਮਦ ਦੇਸ਼ਾਂ ਦਾ ਗੁੱਟ ਬਣਾਉਣ ਸਬੰਧੀ ਚੀਨ ਨਾਲ ਕੀਤੀ ਚਰਚਾ
Thursday, Jun 14, 2018 - 01:33 AM (IST)

ਨਵੀਂ ਦਿੱਲੀ— ਤੇਲ ਉਤਪਾਦਕ ਦੇਸ਼ਾਂ ਦੇ ਗੁੱਟ ਓਪੇਕ ਵੱਲੋਂ 'ਕੱਚੇ ਤੇਲ ਦੀਆਂ ਕੀਮਤਾਂ ਨਾਲ ਖਿਲਵਾੜ' 'ਚ ਭਾਰਤ ਨੇ 'ਤੇਲ ਖਰੀਦਦਾਰਾਂ ਦਾ ਕਲੱਬ' ਬਣਾਉਣ ਦੀ ਸੰਭਾਵਨਾ ਦੇ ਬਾਰੇ 'ਚ ਚੀਨ ਨਾਲ ਚਰਚਾ ਕੀਤੀ ਹੈ। ਇਸ ਦੇ ਪਿੱਛੇ ਸੋਚ ਇਹ ਹੈ ਕਿ ਬਾਜ਼ਾਰ 'ਚ ਉਤਪਾਦਕਾਂ ਦੇ ਦਬਦਬੇ ਦੇ ਮੁਕਾਬਲੇ ਦਰਾਮਦਕਾਰਾਂ ਦਾ ਵੀ ਇਕ ਮਜ਼ਬੂਤ ਸਮੂਹ ਹੋਵੇ, ਜੋ ਉਸ ਨਾਲ ਮੁੱਲ-ਭਾਅ ਕਰਨ ਦੀ ਸਥਿਤੀ 'ਚ ਹੋਵੇ ਅਤੇ ਵਾਧੂ ਮਾਤਰਾ 'ਚ ਅਮਰੀਕੀ ਕੱਚੇ ਤੇਲ ਦੀ ਸਪਲਾਈ ਹਾਸਲ ਕੀਤੀ ਜਾ ਸਕੇ।
ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਅਪ੍ਰੈਲ 'ਚ ਕੌਮਾਂਤਰੀ ਊਰਜਾ ਮੰਚ (ਆਈ. ਈ. ਐੱਫ.) ਦੀ ਇਥੇ ਹੋਈ ਬੈਠਕ 'ਚ ਇਸ ਦਾ ਵਿਚਾਰ ਰੱਖਿਆ ਸੀ। ਇਸ ਦੇ ਤਹਿਤ ਭਾਰਤੀ ਤੇਲ ਨਿਗਮ ਦੇ ਚੇਅਰਮੈਨ ਸੰਜੀਵ ਸਿੰਘ ਨੇ ਚਾਈਨਾ ਨੈਸ਼ਨਲ ਪੈਟਰੋਲੀਅਮ ਕਾਰਪ (ਸੀ. ਐੱਨ. ਪੀ. ਸੀ.) ਦੇ ਚੇਅਰਮੈਨ ਵਾਂਗ ਯਿਲਿਨ ਨਾਲ ਚਰਚਾ ਲਈ ਇਸ ਮਹੀਨੇ ਪੇਈਚਿੰਗ ਦਾ ਦੌਰਾ ਕੀਤਾ।
ਬੈਠਕ ਦੌਰਾਨ ਏਸ਼ੀਆ 'ਚ ਜ਼ਿਆਦਾ ਅਮਰੀਕੀ ਕਰੂਡ ਦੀ ਸਪਲਾਈ ਲਈ ਸੰਰਚਨਾ 'ਤੇ ਚਰਚਾ ਹੋਈ ਤਾਂ ਕਿ ਕਰੀਬ 60 ਫੀਸਦੀ ਕੱਚੇ ਤੇਲ ਦੀ ਸਪਲਾਈ ਕਰਨ ਵਾਲੇ ਓਪੇਕ ਦੇਸ਼ਾਂ ਦਾ ਦਬਦਬਾ ਘੱਟ ਕੀਤਾ ਜਾ ਸਕੇ। ਸੂਤਰਾਂ ਨੇ ਕਿਹਾ ਕਿ ਆਈ. ਈ. ਐੱਫ. ਦੀ ਬੈਠਕ 'ਚ ਤੇਲ ਉਤਪਾਦਕ ਦੇਸ਼ਾਂ ਦੇ ਗੁੱਟ ਖਿਲਾਫ ਬਿਹਤਰ ਮੁੱਲ-ਭਾਅ ਕਰਨ ਦੀ ਸਥਿਤੀ 'ਚ ਪਹੁੰਚਣ ਲਈ ਭਾਰਤ-ਚੀਨ ਹੱਥ ਮਿਲਾਉਣ 'ਤੇ ਸਹਿਮਤ ਹੋਏ ਸਨ। ਸਿੰਘ ਦੀ ਇਹ ਯਾਤਰਾ ਇਸੇ ਤਾਲਮੇਲ ਨੂੰ ਠੋਸ ਪ੍ਰਸਤਾਵਾਂ ਨਾਲ ਅੱਗੇ ਵਧਾਉਣ ਲਈ ਸੀ।