ਭਾਰਤ ਬਣਿਆ ਵਿਸ਼ਵ ਕਸਟਮ ਸੰਗਠਨ ਦਾ ਉਪ ਪ੍ਰਧਾਨ

07/15/2018 2:30:51 PM

ਨਵੀਂ ਦਿੱਲੀ — ਭਾਰਤ ਨੂੰ ਵਿਸ਼ਵ ਕਸਟਮ ਸੰਗਠਨ ਵਿਚ ਏਸ਼ੀਆ-ਪ੍ਰਸ਼ਾਂਤ ਖੇਤਰ ਤੋਂ ਦੋ ਸਾਲ ਲਈ ਉਪ-ਪ੍ਰਧਾਨ ਚੁਣਿਆ ਗਿਆ ਹੈ। ਵਿੱਤ ਮੰਤਰਾਲੇ ਨੇ ਅੱਜ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਭਾਰਤ ਦਾ ਕਾਰਜਕਾਲ ਜੁਲਾਈ 2018 ਤੋਂ ਲੈ ਕੇ ਜੂਨ 2020 ਤੱਕ ਹੋਵੇਗਾ। 
ਵਿਸ਼ਵ ਕਸਟਮ ਸੰਗਠਨ ਦੀ ਮੈਂਬਰਸ਼ਿਪ ਨੂੰ ਛੇ ਭਾਗਾਂ ਵਿਚ ਵੰਡਿਆ ਜਾਂਦਾ ਹੈ। ਹਰੇਕ ਖੇਤਰ ਦੀ ਅਗਵਾਈ ਉਪ-ਪ੍ਰਧਾਨ ਕਰਦਾ ਹੈ। ਏਸ਼ੀਆ ਪ੍ਰਸ਼ਾਂਤ ਖੇਤਰ 'ਚ ਸੁਰੱਖਿਆ ਅਤੇ ਬਾਰਡਰ ਪਾਰ ਵਪਾਰ ਵਿਵਸਥਾ ਨੂੰ ਮਜ਼ਬੂਤ ਕਰਨ 'ਚ ਭਾਰਤ ਦੇ ਤਜ਼ਰਬੇ ਦਾ ਲਾਭ ਮਿਲੇਗਾ। ਸੋਮਵਾਰ 16 ਜੁਲਾਈ ਨੂੰ ਰਸਮੀ ਤੌਰ 'ਤੇ ਨਵੀਂ ਦਿੱਲੀ ਵਿਚ ਆਯੋਜਿਤ ਹੋਣ ਵਾਲੇ ਇਕ ਸਮਾਗਮ 'ਚ ਭਾਰਤ ਇਹ ਅਹੁਦਾ ਸੰਭਾਲੇਗਾ। 
ਸਮਾਰੋਹ 'ਚ ਏਸ਼ੀਆ ਪ੍ਰਸ਼ਾਂਤ(ਪੈਸੀਫਿਕ) ਖੇਤਰ ਤੋਂ ਜਾਪਾਨ, ਫਿਜੀ, ਚੀਨ, ਦੱਖਣੀ ਅਤੇ ਉੱਤਰੀ ਕੋਰੀਆ, ਸਿੰਗਾਪੁਰ ਸਮੇਤ 33 ਦੇਸ਼ਾਂ ਦੇ ਨੁਮਾਇੰਦੇ ਹਿੱਸਾ ਲੈਣਗੇ। 
ਇਸ ਮੌਕੇ 'ਤੇ ਵਿਸ਼ਵ ਕਸਟਮ ਸੰਗਠਨ ਦੇ ਜਨਰਲ ਸਕੱਤਰ ਕੁਨੀਓ ਮਿਕੂਰਿਆ ਆਪਣੇ ਮੁੱਖ ਭਾਸ਼ਣ ਨਾਲ ਸੰਬੋਧਨ ਕਰਨਗੇ। ਵਿਸ਼ਵ ਕਸਟਮ ਸੰਗਠਨ ਦੇ 182 ਦੇਸ਼ ਮੈਂਬਰ ਹਨ ਅਤੇ ਇਹ ਲਗਭਗ 98 ਫੀਸਦੀ ਅੰਤਰਰਾਸ਼ਟਰੀ ਵਪਾਰ ਨੂੰ ਕੰਟਰੋਲ ਕਰਦਾ ਹੈ।